ਪੰਜਾਬ ਵਿਚ ਮਿਲੀ ਮੁਖਤਾਰ ਅੰਸਾਰੀ ਦੇ ਭਗੌੜੇ ਬੇਟੇ ਦੀ ਆਖਰੀ ਲੋਕੇਸ਼ਨ, ਛਾਪੇਮਾਰੀ ਜਾਰੀ
ਅੱਬਾਸ ਅੰਸਾਰੀ ਪਿਛਲੇ ਕਈ ਮਹੀਨਿਆਂ ਤੋਂ ਭਗੌੜਾ ਹੈ। ਮਊ ਸੀਟ ਤੋਂ ਵਿਧਾਇਕ ਅੱਬਾਸ ਅੰਸਾਰੀ ਦੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ 'ਚ ਬੰਦ ਬਾਹੂਬਲੀ ਮੁਖਤਾਰ ਅੰਸਾਰੀ ਦੇ ਭਗੌੜੇ ਵਿਧਾਇਕ ਪੁੱਤਰ ਅੱਬਾਸ ਅੰਸਾਰੀ ਦੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ। ਇਸ ਤੋਂ ਬਾਅਦ ਅੱਬਾਸ ਅੰਸਾਰੀ ਦੀ ਭਾਲ 'ਚ ਪੰਜਾਬ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਬਾਸ ਅੰਸਾਰੀ ਪਿਛਲੇ ਕਈ ਮਹੀਨਿਆਂ ਤੋਂ ਭਗੌੜਾ ਹੈ। ਮਊ ਸੀਟ ਤੋਂ ਵਿਧਾਇਕ ਅੱਬਾਸ ਅੰਸਾਰੀ ਦੀ ਲੋਕੇਸ਼ਨ ਪੰਜਾਬ ਵਿਚ ਮਿਲੀ ਹੈ।
25 ਅਗਸਤ ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਅੱਬਾਸ ਅੰਸਾਰੀ ਨੂੰ ਭਗੌੜਾ ਕਰਾਰ ਦਿੱਤਾ ਕਿਉਂਕਿ ਉਹ ਅਦਾਲਤ ਵਿਚ ਆਤਮ ਸਮਰਪਣ ਨਹੀਂ ਕਰ ਰਿਹਾ ਸੀ। ਉਸ ਦੇ ਖਿਲਾਫ ਆਰਮਜ਼ ਐਕਟ ਅਤੇ ਮਨੀ ਲਾਂਡਰਿੰਗ ਰੋਕੂ ਐਕਟ (PMLA) ਸਮੇਤ ਹੋਰ ਮਾਮਲੇ ਦਰਜ ਹਨ। ਹਾਲ ਹੀ ਵਿਚ ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ਦੇ ਜਸਟਿਸ ਦਿਨੇਸ਼ ਕੁਮਾਰ ਸਿੰਘ ਦੇ ਸਿੰਗਲ ਬੈਂਚ ਨੇ ਅੱਬਾਸ ਅੰਸਾਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਨੇ ਪੁਲਿਸ ਦੀ ਅਰਜ਼ੀ 'ਤੇ ਮਊ ਤੋਂ ਵਿਧਾਇਕ ਅੱਬਾਸ ਅੰਸਾਰੀ ਨੂੰ ਭਗੌੜਾ ਕਰਾਰ ਦਿੱਤਾ ਸੀ।
ਮੁਖਤਾਰ ਅੰਸਾਰੀ ਦਾ ਵਿਧਾਇਕ ਪੁੱਤਰ ਅੱਬਾਸ ਅੰਸਾਰੀ ਅਸਲਾ ਲਾਇਸੈਂਸ ਦੀ ਦੁਰਵਰਤੋਂ ਨਾਲ ਸਬੰਧਤ ਇੱਕ ਮਾਮਲੇ ਵਿਚ ਲੋੜੀਂਦਾ ਹੈ। ਅੱਬਾਸ ਅੰਸਾਰੀ ਦੀ ਭਾਲ 'ਚ ਲਖਨਊ ਪੁਲਿਸ ਨੇ ਯੂਪੀ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨ ਦੇ ਨਾਲ-ਨਾਲ ਪੰਜਾਬ ਅਤੇ ਰਾਜਸਥਾਨ 'ਚ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ 14 ਜੁਲਾਈ ਨੂੰ ਅੱਬਾਸ ਅੰਸਾਰੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਅੱਬਾਸ ਅੰਸਾਰੀ 'ਤੇ ਲਖਨਊ ਪੁਲਿਸ ਨੂੰ ਦੱਸੇ ਬਿਨਾਂ ਅਸਲਾ ਲਾਇਸੈਂਸ ਨਵੀਂ ਦਿੱਲੀ ਤਬਦੀਲ ਕਰਨ ਦਾ ਦੋਸ਼ ਹੈ। ਇਸ ਦੇ ਲਈ ਅਦਾਲਤ ਨੇ ਉਸ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ। ਉਸ 'ਤੇ ਲਾਈਸੈਂਸ 'ਤੇ ਧੋਖੇ ਨਾਲ ਕਈ ਹਥਿਆਰ ਲੈਣ ਦਾ ਵੀ ਦੋਸ਼ ਹੈ। 12 ਅਕਤੂਬਰ 2019 ਨੂੰ ਲਖਨਊ ਪੁਲਿਸ ਨੇ ਅੱਬਾਸ ਅੰਸਾਰੀ ਦੇ ਖਿਲਾਫ ਅਸਲਾ ਲਾਇਸੈਂਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ।