ਸੋਸ਼ਲ ਮੀਡੀਆ 'ਤੇ ਦੋਸਤੀ ਕਰਕੇ ਠੱਗੀਆਂ ਮਾਰਨ ਵਾਲੀ ਔਰਤ ਆਈ ਪੁਲਿਸ ਦੇ ਅੜਿੱਕੇ
ਸ਼ਿਕਾਇਤ ਅਨੁਸਾਰ ਕੁਝ ਦਿਨਾਂ ਬਾਅਦ ਔਰਤ ਨੇ ਦੱਸਿਆ ਕਿ ਵਿਦੇਸ਼ ਤੋਂ ਆਇਆ ਉਸ ਦਾ ਕੀਮਤੀ ਸਮਾਨ ਕਸਟਮ ਵਿਚ ਫ਼ੜਿਆ ਗਿਆ ਹੈ।
ਨੋਇਡਾ: ਸਥਾਨਕ ਨਾਲੇਜ ਪਾਰਕ ਥਾਣਾ ਖੇਤਰ ਵਿੱਚ ਸਥਿਤ ਇੱਕ ਸੁਸਾਇਟੀ ਤੋਂ, ਮੱਧ ਪ੍ਰਦੇਸ਼ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਦੋਸਤ ਬਣਾ ਕੇ ਅਤੇ ਵਿਆਹ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਦੀ ਸੀ। ਥਾਣਾ ਨਾਲੇਜ ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਦਰ ਖੇਤਰ 'ਚ ਸਥਿਤ ਜੇ.ਪੀ. ਅਮਨ ਸੋਸਾਇਟੀ 'ਚ ਰਹਿਣ ਵਾਲੀ ਪੱਲਵੀ ਨਾਂ ਦੀ ਲੜਕੀ ਨੂੰ ਮੱਧ ਪ੍ਰਦੇਸ਼ ਦੀ ਭਿੰਡ ਕੋਤਵਾਲੀ ਪੁਲਿਸ ਗ੍ਰਿਫਤਾਰ ਕਰ ਕੇ ਮੱਧ ਪ੍ਰਦੇਸ਼ ਲੈ ਗਈ ਹੈ।
ਮੱਧ ਪ੍ਰਦੇਸ਼ ਪੁਲਿਸ ਨੇ ਸਥਾਨਕ ਪੁਲਿਸ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਭਿੰਡ ਕੋਤਵਾਲੀ ਵਿਖੇ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ ਕਿ ਇੱਕ ਔਰਤ ਨੇ ਖ਼ੁਦ ਨੂੰ ਐਨਆਰਆਈ ਦੱਸ ਕੇ ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਨਾਲ ਦੋਸਤੀ ਕੀਤੀ ਅਤੇ ਵਿਦੇਸ਼ ਤੋਂ ਕੀਮਤੀ ਤੋਹਫ਼ੇ ਭੇਜਣ ਦੇ ਨਾਂਅ 'ਤੇ ਉਸ ਨੂੰ ਆਪਣੇ ਜਾਲ਼ ਵਿੱਚ ਫ਼ਸਾ ਕੇ ਠੱਗੀ ਮਾਰੀ ਹੈ।
ਸ਼ਿਕਾਇਤ ਅਨੁਸਾਰ ਕੁਝ ਦਿਨਾਂ ਬਾਅਦ ਔਰਤ ਨੇ ਦੱਸਿਆ ਕਿ ਵਿਦੇਸ਼ ਤੋਂ ਆਇਆ ਉਸ ਦਾ ਕੀਮਤੀ ਸਮਾਨ ਕਸਟਮ ਵਿਚ ਫ਼ੜਿਆ ਗਿਆ ਹੈ। ਸ਼ਿਕਾਇਤ ਅਨੁਸਾਰ ਔਰਤ ਨੇ ਗਿਫ਼ਟ ਛੁਡਾਉਣ ਦੇ ਨਾਂਅ 'ਤੇ ਸ਼ਿਕਾਇਤਕਰਤਾ ਤੋਂ ਕਸਟਮ ਆਦਿ ਦੇ ਬਦਲੇ ਲੱਖਾਂ ਰੁਪਏ ਦੀ ਠੱਗੀ ਮਾਰੀ।