ਅਨਿਲ ਅੰਬਾਨੀ ਦੀ ਮੁਸ਼ਕਿਲ ਹੋਰ ਵਧੀ, ਵਸੂਲੀ ਲਈ ਦੇਣਦਾਰਾਂ ਨੇ ਕੱਸਿਆ ਸ਼ਿੰਕਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਟੇਲਿਕਾਮ ਤੋਂ ਕਰਜ਼ ਵਸੂਲਣ ਲਈ ਘੱਟ ਤੋਂ ਘੱਟ 24 ਦੇਣਦਾਰਾਂ ਨੇ ਮੁੰਬਈ ਵਿਚ ਰਾਸ਼ਟਰੀ ਕੰਪਨੀ ਲਾ ਟ੍ਰਿਬਿਊਨਲ ਵੱਲ ਕਦਮ ਵਧਾਏ ਹਨ।

Anil ambani

ਮੁੰਬਈ , ( ਪੀਟੀਆਈ ) : ਕਾਰੋਬਾਰੀ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਲਗਦੀਆਂ ਹਨ। ਉਨਾਂ ਦੀਆਂ 2 ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਟੇਲਿਕਾਮ ਤੋਂ ਕਰਜ਼ ਵਸੂਲਣ ਲਈ ਘੱਟ ਤੋਂ ਘੱਟ 24 ਦੇਣਦਾਰਾਂ ਨੇ ਮੁੰਬਈ ਵਿਚ ਰਾਸ਼ਟਰੀ ਕੰਪਨੀ ਲਾ ਟ੍ਰਿਬਿਊਨਲ ਦੀਆਂ ਵੱਖ-ਵੱਖ ਬੈਂਚਾਂ ਵੱਲ ਕਦਮ ਵਧਾਏ ਹਨ। ਟ੍ਰਿਬਿਊਨਲ ਦੇ ਰਿਕਾਰਡ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਕੋਰਟ ਦਾ ਰਾਹ ਅਪਨਾਉਣ ਵਾਲੇ ਦੇਣਦਾਰਾਂ ਵਿਚੋਂ ਘੱਟ ਤੋਂ ਘੱਟ 11 ਕੰਪਨੀਆਂ ਨੇ ਐਨਸੀਐਲਟੀ ਰਾਹੀ ਅਨਿਲ ਦੀਆਂ ਕੰਪਨੀਆਂ ਨਾਲ ਜਾਂ ਤਾਂ ਵਿਵਾਦ ਸੁਲਝਾ ਲਿਆ ਹੈ

ਜਾਂ ਸੁਲਝਾਉਣ ਦੀ ਪ੍ਰਕਿਰਿਆ ਚਲ ਰਹੀ ਹੈ। ਬਾਕੀ 13 ਕੰਪਨੀਆ ਦਾ ਆਰਕਾਮ ਅਤੇ ਰਿਲਾਇੰਸ ਟੇਲਿਕਾਮ ਦੇ ਨਾਲ ਜੁੜੇ ਵਿਵਾਦ ਦਾ ਹਲ ਅਜੇ ਕੱਢਣਾ ਬਾਕੀ ਹੈ। ਕਰਜ ਵਸੂਲੀ ਦੇ ਮਕਸਦ ਨਾਲ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਟੇਲਿਕਾਮ ਵਿਰੁਧ ਐਨਸੀਐਲਟੀ ਜਾਣ ਵਾਲੇ ਆਪ੍ਰੇਸ਼ਨਲ ਕਰੈਡਿਟਸ ਵਿਚ ਪੇਟੀਐਮ ਦੀ ਪੈਰੰਟ ਕੰਪਨੀ ਵਨ97 ਕਮਿਊਨੀਕੇਸ਼ਨ, ਲਾਜਿਸਟਕ ਫਰਮ ਗਤਿ ਲਿਮਿਟਡ, ਅਸੇਂਡ ਟੇਲਿਕਾਮ ਇਨਫਰਾਸਟਰਕਚਰ ਪ੍ਰਾਈਵੇਟ ਲਿਮਿਟੇਡ, ਬੰਗਲੌਰ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ, ਹੈਡਿੰਗੋ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ,

ਲਕਸ਼ ਮੀਡੀਆ ਲਿਮਟਡ, ਵਾਲਾਪ ਐਡਵਰਟਾਇਜਿੰਗ ਪ੍ਰਾਈਵੇਟ ਲਿਮਿਟਡ, ਇਵਾਲਵ ਟੈਕਨੋਲੋਜਿਜ, ਨਵਯਾ ਇੰਡਸਟਰੀਜ਼ ਪ੍ਰਾਈਵੇਟ ਲਿਮਿਟਡ ਅੇਤ ਅਭੀਟੇਕ ਅਨਰਜੀਕਾਨ ਲਿਮਿਟਡ ਆਦਿ ਸ਼ਾਮਲ ਹਨ। ਦੇਣਦਾਰਾਂ ਨੇ ਰਿਲਾਇੰਸ ਦੀਆਂ ਦੋ ਕੰਪਨੀਆਂ ਤੋਂ ਕੁਝ ਲੱਖ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਬਕਾਇਆ ਵਸੂਲੇ ਜਾਣ ਦੀ ਮੰਗ ਕੀਤੀ ਹੈ। ਵਨ97 ਕਮਿਊਨੀਕੇਸ਼ਨਸ ਨੇ 20 ਕਰੋੜ ਰੁਪਏ ਦੀ ਵਸੂਲੀ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਜਦ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਗਰੁਪ ਦੀ ਪ੍ਰਤਿਕਿਰਿਆ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨੇ ਕਿਸੇ ਤਰਾਂ ਦੀ ਟਿੱਪਣੀ ਤੋਂ ਇਨਕਾਰ ਕਰ ਦਿਤਾ।

ਦੱਸ ਦਈਏ ਕਿ ਇਸੇ ਹਫਤੇ ਸੁਪਰੀਮ ਕੋਰਟ ਨੇ ਰਿਲਾਇੰਸ ਕਮਿਊਨੀਕੇਸ਼ਨਸ ਨੂੰ ਕਿਹਾ ਹੈ ਕਿ ਉਹ 15 ਦਸੰਬਰ ਤੱਕ ਸਵੀਡਸ਼ ਟੈਲਿਕਾਮ ਸਮਾਨ ਬਣਾਉਣ ਵਾਲੀ ਕੰਪਨੀ ਏਰਿਕਸਨ ਇੰਡੀਆ ਦੇ 500 ਕਰੋੜ ਰੁਪਏ ਦਾ ਭੁਗਤਾਨ ਕਰੇ। ਜਸਟਿਸ ਆਰ ਨਰੀਮਨ ਦੀ ਬੈਂਚ ਨੇ ਰਿਲਾਇੰਸ  ਦੀ ਕੰਪਨੀ ਨੂੰ ਜਿਆਦਾ ਸਮਾਂ ਦੇਣ ਮੌਕੇ ਇਹ ਸਾਫ ਕਰ ਦਿਤਾ ਸੀ ਕਿ ਇਹ ਆਖਰੀ ਮੌਕਾ ਦਿਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਏਰਿਕਸਨ ਨੂੰ ਸਾਫ ਕਰ ਦਿਤਾ ਕਿ  ਜੇਕਰ 15 ਦਸੰਬਰ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਆਰਕਾਮ ਵਿਰੁਧ ਉਲੰਘਣਾ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ।