ਇੰਜਣ ਤੋਂ ਬਗੈਰ ਪਹਿਲੀ ਰੇਲਗੱਡੀ ਦਾ ਟ੍ਰਾਇਲ ਸਫਲ, ਹੁਣ 160 ਕਿਮੀ ਪ੍ਰਤੀ ਘੰਟਾ ਦੀ ਤਿਆਰੀ
ਬਗੈਰ ਇੰਜਣ ਤੋਂ ਚਲਣ ਵਾਲੀ ਟ੍ਰੇਨ 18 ਨੇ ਮੁਰਾਦਾਬਾਦ ਡਿਵੀਜ਼ਨ ਵਿਚ 115 ਕਿਮੀ ਪ੍ਰਤੀ ਘੰਟੇ ਦੀ ਗਤੀ ਨਾਲ ਅਪਣਾ ਟ੍ਰਾਇਲ ਕਾਮਯਾਬੀ ਨਾਲ ਪੂਰਾ ਕੀਤਾ ਹੈ।
ਮੁਰਾਦਾਬਾਦ , ( ਪੀਟੀਆਈ ) : ਭਾਰਤੀ ਰੇਲਵੇ ਨੇ ਦੇਸ਼ ਦੀ ਪਹਿਲੀ ਲੰਮੀ ਦੂਰੀ ਦੀ ਬਗੈਰ ਇੰਜਣ ਵਾਲੀ ਟ੍ਰੇਨ 18 ਦੇ ਪਹਿਲੇ ਟ੍ਰਾਇਲ ਦਾ ਐਲਾਨ ਕੀਤਾ ਸੀ। ਆਰਡੀਐਸਓ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਗੈਰ ਇੰਜਣ ਤੋਂ ਚਲਣ ਵਾਲੀ ਟ੍ਰੇਨ 18 ਨੇ ਮੁਰਾਦਾਬਾਦ ਡਿਵੀਜ਼ਨ ਵਿਚ 115 ਕਿਮੀ ਪ੍ਰਤੀ ਘੰਟੇ ਦੀ ਗਤੀ ਨਾਲ ਅਪਣਾ ਟ੍ਰਾਇਲ ਕਾਮਯਾਬੀ ਨਾਲ ਪੂਰਾ ਕੀਤਾ ਹੈ। ਇਸ ਟ੍ਰਾਇਲ ਤੋਂ ਬਾਅਦ ਹੁਣ ਟ੍ਰੇਨ 18 ਨੂੰ ਕੋਟਾ ਡਿਵੀਜ਼ਨ ਵਿਖੇ ਟੈਸਟ ਲਈ ਭੇਜਿਆ ਜਾਵੇਗਾ,
ਜਿਥੇ ਇਸ ਟ੍ਰੇਨ ਨੂੰ 160 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾ ਕੇ ਪ੍ਰਯੋਗ ਕੀਤਾ ਜਾਵੇਗਾ। ਇਸ ਪ੍ਰਯੋਗ ਲਈ ਜਿਸ ਰੂਟ ਦੀ ਚੋਣ ਕੀਤੀ ਗਈ ਹੈ ਉਹ ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈਸ ਦੇ ਰੂਟ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਮੇਕ ਇਨ ਇੰਡੀਆ ਅਧੀਨ ਬਣਾਈ ਗਈ ਟ੍ਰੇਨ 18 ਨੂੰ ਚੇਨਈ ਦੀ ਇੰਡੀਅਨ ਕੋਚ ਫੈਕਟਰੀ ਵਿਚ ਵਿਕਸਤ ਕੀਤਾ ਗਿਆ ਹੈ। ਟ੍ਰੇਨ 18 ਨੂੰ ਭਾਰਤੀ ਰੇਲਵੇ ਵੱਲੋਂ ਤਕਨੀਕ ਦੀ ਦੁਨੀਆ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਅਜੇ ਆਰਡੀਐਸਓ ਟ੍ਰੇਨ 18 ਦਾ ਪ੍ਰਯੋਗ ਕਰ ਰਿਹਾ ਹੈ।
ਇਸ ਪ੍ਰਯੋਗ ਵਿਚ ਸਫਲ ਰਹਿਣ ਤੋਂ ਬਾਅਦ ਹੀ ਰੇਲਵੇ ਸੁਰੱਖਿਆ ਆਯੋਗ ਇਸ ਨੂੰ ਹਰੀ ਝੰਡੀ ਦੇਵੇਗਾ। ਟ੍ਰੇਨ 18 ਪੂਰੀ ਤਰ੍ਹਾਂ ਏਸੀ, ਚੇਅਰ ਕਾਰ ਟ੍ਰੇਨ ਹੈ। ਇਸ ਦੀ ਖਾਸੀਅਤ ਤੇਜੀ ਨਾਲ ਵਧਣ ਅਤੇ ਘਟਣ ਵਾਲੀ ਇਸ ਟ੍ਰੇਨ ਦੀ ਰਫਤਾਰ ਹੈ। ਇਸ ਟ੍ਰੇਨ ਵਿਚ ਯਾਤਰੀਆਂ ਨੂੰ ਝਟਕੇ ਘੱਟ ਲਗਣਗੇ। ਇਸ ਤੋਂ ਇਲਾਵਾ ਤੇਜ ਰਫ਼ਤਾਰ ਨਾਲ ਯਾਤਰੀਆਂ ਨੂੰ ਸਫਰ ਵਿਚ 15 ਫ਼ੀ ਸਦੀ ਸਮਾਂ ਵੀ ਘੱਟ ਲਗੇਗਾ। ਨਵੀਂ ਟ੍ਰੇਨ ਨਾਲ ਯਾਤਰੀਆਂ ਨੂੰ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਮਿਲਣਗੀਆਂ।