ਜੇ ਐਮਐਸਪੀ ’ਤੇ ਕਮੇਟੀ ਬਣੀ ਤਾਂ ਅਸੀਂ ਅੰਦੋਲਨ ਖ਼ਤਮ ਕਰ ਦੇਵਾਂਗੇ- ਹਰਮੀਤ ਸਿੰਘ ਕਾਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

“ਪੰਜਾਬੀ ਹਰ ਜੰਗ ਸਿਰ-ਧੜ ਦੀ ਬਾਜ਼ੀ ਲਾ ਕੇ ਲੜਦੇ ਨੇ, ਐਤਕੀਂ ਵੀ 750 ਸ਼ਹਾਦਤਾਂ ਦਿੱਤੀਆਂ ਨੇ”

Harmeet Singh Kadian

ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਐਮਐਸਪੀ ’ਤੇ ਕਮੇਟੀ ਬਣਾਈ ਗਈ ਤਾਂ ਅਸੀਂ ਅੰਦੋਲਨ ਖ਼ਤਮ ਕਰ ਦੇਵਾਂਗੇ। ਉਹਨਾਂ ਕਿਹਾ ਕਿਸਾਨ ਅੰਦੋਲਨ ਦੀ ਜਿੱਤ ਪੂਰੇ ਲੋਕਤੰਤਰ ਦੀ ਜਿੱਤ ਹੈ। ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅਤਿਵਾਦੀ ਕਹੇ ਜਾਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਦੋਂ ਅੰਦੋਲਨ ਵੱਡਾ ਸੀ ਤਾਂ ਇਲਜ਼ਾਮ ਵੀ ਵੱਡੇ ਹੀ ਲੱਗਣੇ ਸੀ। ਦੇਸ਼ ਦੇ ਲੋਕਾਂ ਨੇ ਸਾਡਾ ਸਾਥ ਦੇ ਕੇ ਇਹ ਸਬੂਤ ਦਿੱਤਾ ਕਿ ਅਸੀਂ ਲੋਕਤੰਤਰ ਲਈ ਲੜ ਰਹੇ ਹਾਂ। ਇਸ ਅੰਦੋਲਨ ਵਿਚ ਲੋਕ ਅਪਣੀ ਲੜਾਈ ਆਪ ਲੜ ਰਹੇ ਸਨ। ਇਹ ਲੋਕਤੰਤਰ ਅਤੇ ਲੋਕਾਂ ਦੀ ਜਿੱਤ ਹੋਈ ਹੈ।

ਕਿਸਾਨ ਆਗੂ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਉਹਨਾਂ ਨੂੰ ਵਧਾਈ ਲਈ ਜਿੰਨੇ ਵੀ ਲੋਕਾਂ ਦੇ ਫੋਨ ਆਏ ਸਾਰਿਆਂ ਨੇ ਇਹੀ ਕਿਹਾ ਕਿ ਕੰਮ ਕੱਚਾ ਛੱਡ ਕੇ ਨਾ ਵਾਪਸ ਜਾਇਓ ਕਿਉਂਕਿ ਪਿੱਛੇ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨਾਲ ਪੰਜਾਬ ਦੇ ਜਿੰਨੇ ਵੀ ਸਮਝੌਤੇ ਹੋਏ, ਉਹ ਪੂਰੇ ਨਹੀਂ ਹੋ ਸਕੇ। ਇਸ ਲਈ ਅਜੇ ਵੀ ਸਾਡੇ ਮਨ ਵਿਚ ਡਰ ਹੈ। ਸਾਨੂੰ ਹੁਣ ਪੂਰੀ ਉਮੀਦ ਹੈ ਕਿ ਖੇਤੀ ਕਾਨੂੰਨ ਸੰਸਦ ਵਿਚ ਰੱਦ ਹੋ ਜਾਣਗੇ। ਉਹਨਾਂ ਕਿਹਾ ਕਿ ਜੇਕਰ ਖੇਤੀ ਕਾਨੂੰਨ ਪੂਰੀ ਤਰ੍ਹਾਂ ਰੱਦ ਹੋ ਗਏ ਤਾਂ ਉਹ ਵਾਪਸੀ ਕਰਨ ਲਈ ਤਿਆਰ ਹਨ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਐਮਐਸਪੀ ’ਤੇ ਕਮੇਟੀ ਬਣਾਏਗੀ ਤਾਂ ਅਸੀਂ ਅੰਦੋਲਨ ਖਤਮ ਕਰ ਦੇਵਾਂਗੇ, ਇਸ ਕਮੇਟੀ ਵਿਚ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਹ ਕਾਨੂੰਨ ਤੈਅ ਸਮੇਂ ਵਿਚ ਤਿਆਰ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਐਮਐਸਪੀ ’ਤੇ ਲੜਾਈ ਜਾਰੀ ਰਹੇਗੀ ਪਰ ਉਸ ਦਾ ਤਰੀਕਾ ਬਦਲਿਆ ਜਾਵੇਗਾ। ਮੌਜੂਦਾ ਕਿਸਾਨ ਅੰਦੋਲਨ ਨੂੰ ਵਾਪਸ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਰਾਇ ਹੈ, ਬਾਕੀ ਫੈਸਲੇ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਏ ਜਾਣਗੇ।

ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਖੇਤੀ ਕਾਨੂੰਨ ਬਣਨ ਤੋਂ ਬਾਅਦ 25 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਉਸ ਦਿਨ ਲੋਕਾਂ ਦਾ ਸਮਰਥਨ ਦੇਖ ਕੇ ਪਤਾ ਚੱਲ਼ ਗਿਆ ਸੀ ਕਿ ਇਹ ਲੜਾਈ ਸਿਰਫ ਕਿਸਾਨੀ ਲਈ ਨਹੀਂ ਸਗੋਂ ਪੂਰੇ ਜਨਹਿੱਤ ਲਈ ਲੜੀ ਜਾਵੇਗੀ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿਸਾਨ ਜਥੇਬੰਦੀਆਂ ਦੇ ਚਿਹਰੇ ਮਾਈਨੇ ਨਹੀਂ ਰੱਖਦੇ, 32 ਕਿਸਾਨ ਜਥੇਬੰਦੀਆਂ ਨੇ ਇਕ ਹੋ ਕੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਹੈ। ਅਸੀਂ ਇਕ ਹੋ ਕੇ ਲੜੇ ਅਤੇ ਜਿੱਤ ਵੀ ਹਾਸਲ ਕੀਤੀ। ਲੋਕਾਂ ਦੀ ਵੀ ਇਹੀ ਮੰਗ ਸੀ ਕਿ ਅੰਦੋਲਨ ਇਕ ਹੋ ਕੇ ਲੜਿਆ ਜਾਵੇ।

ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਭਵਿੱਖ ਵਿਚ 32 ਕਿਸਾਨ ਜਥੇਬੰਦੀਆਂ ਇਕ ਹੋ ਕੇ ਲੜਾਈ ਲੜਨਗੀਆਂ। ਕਿਸਾਨਾਂ ਦੀ ਏਕਤਾ ਕਾਰਨ ਹੀ ਕਿਸਾਨੀ ਅੰਦੋਲਨ ਨੇ ਦੁਨੀਆਂ ਭਰ ਵਿਚ ਰਿਕਾਰਡ ਕਾਇਮ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਭ ਤੋਂ ਵੱਡੀ ਸੱਟ 26 ਜਨਵਰੀ ਨੂੰ ਲੱਗੀ ਸੀ ਕਿਉਂਕਿ ਉਸ ਦਿਨ ਸਰਕਾਰ ਅਪਣੇ ਮਨਸੂਬਿਆਂ ਵਿਚ ਕਾਮਯਾਬ ਹੋਈ ਸੀ। ਕਿਸਾਨ ਆਗੂ ਨੇ ਅੰਦੋਲਨ ਦੌਰਾਨ ਲੰਗਰ ਅਤੇ ਦਵਾਈਆਂ ਆਦਿ ਦੀ ਸੇਵਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਹਰ ਜੰਗ ਸਿਰ-ਧੜ ਦੀ ਬਾਜ਼ੀ ਲਾ ਕੇ ਲੜਦੇ ਹਨ, ਇਸ ਵਾਰ ਵੀ 750 ਸ਼ਹਾਦਤਾਂ ਦਿੱਤੀਆਂ ਹਨ। ਇਹ ਲੜਾਈ ਤਨ, ਮਨ ਅਤੇ ਧਨ ਨਾਲ ਲੜੀ ਗਈ। ਇਸ ਅੰਦੋਲਨ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।