ਸੰਵਿਧਾਨ ਦਿਵਸ: PM ਮੋਦੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਪਰਿਵਾਰਕ ਪਾਰਟੀਆਂ ਦੇਸ਼ ਲਈ ਚਿੰਤਾ ਦਾ ਵਿਸ਼ਾ
ਉਹਨਾਂ ਕਿਹਾ ਕਿ ਵੰਸ਼ਵਾਦੀ ਰਾਜਨੀਤੀ ਦਾ ਮਤਲਬ ਇਹ ਨਹੀਂ ਹੈ ਕਿ ਇਕ ਪਰਿਵਾਰ ਦਾ ਕੋਈ ਵਿਅਕਤੀ ਰਾਜਨੀਤੀ ਵਿਚ ਨਹੀਂ ਆ ਸਕਦਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡਾ ਸੰਵਿਧਾਨ ਸਿਰਫ਼ ਕਈ ਧਾਰਾਵਾਂ ਦਾ ਸੰਗ੍ਰਹਿ ਨਹੀਂ ਹੈ, ਸਗੋਂ ਇਹ ਹਜ਼ਾਰਾਂ ਸਾਲਾਂ ਦੀ ਮਹਾਨ ਪਰੰਪਰਾ, ਅਟੁੱਟ ਧਾਰਾ ਦਾ ਆਧੁਨਿਕ ਪ੍ਰਗਟਾਵਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸੰਵਿਧਾਨ ਦੇ ਮੌਕੇ ਕਿਹਾ ਕਿ ਇਹ ਸੰਵਿਧਾਨ ਦਿਵਸ ਇਸ ਲਈ ਵੀ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਾਡਾ ਮਾਰਗ ਸਹੀ ਹੈ ਜਾਂ ਨਹੀਂ ਇਸ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਇਹ ਬਾਬਾ ਸਾਹਿਬ ਅੰਬੇਡਕਰ ਦੁਆਰਾ ਸਾਨੂੰ ਅਤੇ ਦੇਸ਼ ਨੂੰ ਦਿੱਤੇ ਤੋਹਫ਼ੇ ਨੂੰ ਯਾਦ ਕਰਨ ਦਾ ਦਿਨ ਹੈ। ਸਦਨ ਨੂੰ ਸਲਾਮ ਕਰਨ ਦਾ ਦਿਨ ਹੈ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਬਾਬਾ ਸਾਹਿਬ ਅੰਬੇਡਕਰ ਅਤੇ ਡਾ. ਰਾਜਿੰਦਰ ਪ੍ਰਸਾਦ ਵਰਗੀਆਂ ਅਗਾਂਹਵਧੂ ਮਹਾਨ ਹਸਤੀਆਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ। ਪ੍ਰੋਗਰਾਮ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ 14 ਵਿਰੋਧੀ ਪਾਰਟੀਆਂ ਨੇ ਸੰਸਦ 'ਚ ਸੰਵਿਧਾਨ ਦਿਵਸ ਦੇ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ। ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਕਾਂਗਰਸ ਦੇ ਮਨਿਕਮ ਟੈਗੋਰ ਨੇ ਕਿਹਾ ਕਿ ਇਸ ਸਰਕਾਰ ਕੋਲ ਸੰਵਿਧਾਨ ਪ੍ਰਤੀ ਕੋਈ ਸਨਮਾਨ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਜਿਹੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ, ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਹ ਹੈ ਪਰਿਵਾਰਕ ਪਾਰਟੀਆਂ। ਉਹਨਾਂ ਕਿਹਾ, "ਵੰਸ਼ਵਾਦੀ ਰਾਜਨੀਤੀ ਦਾ ਮਤਲਬ ਇਹ ਨਹੀਂ ਹੈ ਕਿ ਇਕ ਪਰਿਵਾਰ ਦਾ ਕੋਈ ਵਿਅਕਤੀ ਰਾਜਨੀਤੀ ਵਿਚ ਨਹੀਂ ਆ ਸਕਦਾ। ਕੋਈ ਵੀ ਆਪਣੀ ਤਾਕਤ ਅਤੇ ਲੋਕਾਂ ਦੇ ਆਸ਼ੀਰਵਾਦ ਨਾਲ ਰਾਜਨੀਤੀ ਵਿਚ ਸ਼ਾਮਲ ਹੋ ਸਕਦਾ ਹੈ।"
ਕਾਂਗਰਸ ਸਮੇਤ ਸਿਆਸੀ ਪਾਰਟੀਆਂ ਦੇ ਪ੍ਰੋਗਰਾਮ 'ਚ ਸ਼ਿਰਕਤ ਨਾ ਕਰਨ 'ਤੇ ਪੀਐਮ ਮੋਦੀ ਨੇ ਕਿਹਾ, "ਇਸ ਕਦਮ ਨਾਲ ਸੰਵਿਧਾਨ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਇਸ ਦੀ ਹਰ ਇਕ ਧਾਰਾ ਨੂੰ ਠੇਸ ਪਹੁੰਚੀ ਹੈ।" ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਅੰਦੋਲਨ ਵਿਚ ਹੱਕਾਂ ਲਈ ਲੜਦੇ ਹੋਏ ਦੇਸ਼ ਨੂੰ ਫਰਜ਼ਾਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਸਵਦੇਸ਼ੀ, ਆਤਮ-ਨਿਰਭਰ ਭਾਰਤ ਦਾ ਵਿਚਾਰ ਲੈ ਕੇ ਆਏ ਸਨ। ਮਹਾਤਮਾ ਗਾਂਧੀ ਦੇਸ਼ ਨੂੰ ਤਿਆਰ ਕਰ ਰਹੇ ਸਨ। ਉਹਨਾਂ ਨੇ ਜੋ ਬੀਜ ਬੀਜੇ ਸੀ, ਉਹ ਬੋਹੜ ਬਣ ਜਾਣੇ ਚਾਹੀਦੇ ਸੀ ਪਰ ਅਜਿਹਾ ਨਹੀਂ ਹੋਇਆ। ਚੰਗਾ ਹੁੰਦਾ ਜੇਕਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਫਰਜ਼ਾਂ 'ਤੇ ਜ਼ੋਰ ਦਿੱਤਾ ਜਾਂਦਾ ਤਾਂ ਅਧਿਕਾਰਾਂ ਦੀ ਰਾਖੀ ਆਪਣੇ ਆਪ ਹੋ ਜਾਂਦੀ।