ਰੁਪਿੰਦਰ ਹਾਂਡਾ ਨੇ ਖੜਕਾਈ ਸਰਕਾਰ, 'ਰੋਟੀ ਹਰ ਕੋਈ ਖਾਂਦਾ ਹੈ, ਜੁਮਲਿਆਂ ਨਾਲ ਢਿੱਡ ਨਹੀਂ ਭਰਦਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿੱਤਾ ਹੈ, ਇਹਨਾਂ ਵਿਚ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹਨ।  

Rupinder Handa

ਨਵੀਂ ਦਿੱਲੀ(ਨਿਮਰਤ ਕੌਰ): ਕਿਸਾਨੀ ਸੰਘਰਸ਼ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਮੌਕੇ ਦਿੱਲੀ ਦੇ ਬਾਰਡਰਾਂ ’ਤੇ ਵੱਡੀ ਗਿਣਤੀ ਵਿਚ ਕਿਸਾਨ ਕਿਸਾਨ ਅੰਦੋਲਨ ਦੀ ਵਰੇਗੰਢ ਮਨਾਉਣ ਪਹੁੰਚੇ। ਇਕ ਸਾਲ ਦੌਰਾਨ ਇਸ ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿੱਤਾ ਹੈ, ਇਹਨਾਂ ਵਿਚ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹਨ।  

ਕਿਸਾਨੀ ਸੰਘਰਸ਼ ਦੀ ਪਹਿਲੀ ਵਰੇਗੰਢ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਰੋਜ਼ਾਨਾ ਸਪੋਕੇਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਅਜੇ ਵੀ ਜਿੱਤ ਤੋਂ ਇੱਕ ਕਦਮ ਪਿੱਛੇ ਹਾਂ ਭਾਵੇਂ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਜਦੋਂ ਤੱਕ ਇਹ ਸਾਨੂੰ ਲਿਖ਼ਤੀ ਰੂਪ ਵਿਚ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਅਤੇ ਮੁੱਖ ਮੰਗ ਘੱਟੋ ਘੱਟ ਸਮਰਥਨ ਮੁੱਲ ਹੀ ਹੈ ਜਦੋਂ ਤੱਕ ਇਸ ਬਾਬਤ ਕੋਈ ਲਿਖ਼ਤੀ ਗਰੰਟੀ ਨਹੀਂ ਮਿਲਦੀ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਨਹੀਂ ਸਗੋਂ ਹਰ ਉਸ ਬੰਦੇ ਦਾ ਹੈ ਜੋ ਰੋਟੀ ਖਾਂਦਾ ਹੈ ਕਿਉਂਕਿ ਹਰ ਇੱਕ ਨੂੰ ਢਿੱਡ ਭਰਨ ਲਈ ਰੋਟੀ ਚਾਹੀਦੀ ਹੈ, ਜੁਮਲਿਆਂ ਨਾਲ ਢਿੱਡ ਨਹੀਂ ਭਰਦਾ, ਇਹ ਲੋਕਾਂ ਦਾ ਅੰਦੋਲਨ ਹੈ ਜਿਸ ਵਿਚ ਹਰ ਵਰਗ ਵਲੋਂ ਖੁੱਲ੍ਹੇ ਦਿਲ ਨਾਲ ਸਾਥ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਏਕਤਾ ਕਰ ਕੇ ਹੀ ਸੰਭਵ ਹੋ ਸਕਿਆ ਹੈ ਕਿ ਸਰਕਾਰ ਇਹ ਬਿੱਲ ਵਾਪਸ ਕਰਨ ਲਈ ਮੰਨ ਗਈ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਨੂੰ ਇਨ੍ਹਾਂ ਬਿੱਲਾਂ ਬਾਰੇ ਡੂੰਘਾਈ ਨਾਲ ਨਹੀਂ ਪਤਾ ਸੀ ਪਰ ਇਸ ਅੰਦੋਲਨ ਦਾ ਹਿੱਸਾ ਬਣ ਕੇ ਹੁਣ ਤਾਂ ਬੱਚਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਹੋ ਗਈ ਹੈ। ਇਸ ਲਈ ਇਨ੍ਹਾਂ ਦੀ ਅਹਿਮੀਅਤ ਨੂੰ ਸਮਝਦਿਆਂ ਖੇਤੀ ਕਾਨੂੰਨ ਰੱਦ ਹੋਣ ਤੋਂ ਪਹਿਲਾਂ ਇਥੋਂ ਜਾਣਾ ਪੂਰੇ ਸੰਘਰਸ਼ ਨੂੰ ਅਸਫਲ ਬਣਾ ਦੇਵੇਗਾ।

ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਅੰਦੋਲਨ ਇੰਨਾ ਵੱਡਾ ਅਤੇ ਇੰਨਾ ਲੰਬਾ ਸਮਾਂ ਨਹੀਂ ਚੱਲਿਆ ਪਰ ਇਹ ਕਿਸਾਨੀ ਸੰਘਰਸ਼ ਦੁਨੀਆਂ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ ਹੈ। ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ। ਸੰਸਦ ਕੂਚ ਕਰਨ ਬਾਰੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਸੰਸਦ ਜਾਣ ਬਾਰੇ ਜਾਣਕਾਰੀ ਨਹੀਂ ਸੀ ਪਰ ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਕਿਸਾਨ ਸੰਸਦ ਵੱਲ ਜਾ ਰਹੇ ਹਨ ਤਾਂ ਉਹ ਜ਼ਰੂਰ ਜਾਣਗੇ ਕਿਉਂਕਿ ਉਹਨਾਂ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਸਿਆਸਤ ਵਿਚ ਆਉਣ ਬਾਰੇ ਉਨ੍ਹਾਂ ਕਿਹਾ ਕਿ ਉਹਨਾਂ ਦੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਮੌਕੇ ਰੁਪਿੰਦਰ ਹਾਂਡਾ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਕ ਗੀਤ ਵੀ ਗਾਇਆ।