ਮਿੱਲ 'ਚ ਲੱਗੀ ਅੱਗ, ਘਬਰਾਏ ਚੀਫ਼ ਇੰਜੀਨੀਅਰ ਨੇ ਛੱਤ ਤੋਂ ਮਾਰੀ ਛਾਲ਼, ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਿੱਲ 'ਚ ਅੱਗ ਇੱਕ ਟਰਬਾਈਨ ਫ਼ਟਣ ਕਾਰਨ ਲੱਗੀ 

Photo

 

ਮੇਰਠ - ਜ਼ਿਲ੍ਹਾ ਮੇਰਠ ਦੇ ਪਰਤਾਪੁਰ ਥਾਣਾ ਖੇਤਰ ਅਧੀਨ ਪੈਂਦੀ ਮੋਹੀਉਦੀਨਪੁਰ ਸ਼ੂਗਰ ਮਿੱਲ ਦੀ ਟਰਬਾਈਨ ਯੂਨਿਟ ਵਿਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗ ਜਾਣ ਕਾਰਨ ਮਿੱਲ ਦੇ ਮੁੱਖ ਇੰਜੀਨੀਅਰ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਮੁੱਖ ਇੰਜੀਨੀਅਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਪਰਤਾਪੁਰ ਪੁਲਿਸ ਮੁਤਾਬਕ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਮੋਹੀਉਦੀਨਪੁਰ ਸ਼ੂਗਰ ਮਿੱਲ ਦੀ ਟਰਬਾਈਨ ਯੂਨਿਟ 'ਚ ਅੱਗ ਲੱਗ ਗਈ। ਅੱਗ ਦੀ ਗੱਲ ਫ਼ੈਲਦੇ ਹੀ ਮਿੱਲ ਦੇ ਮਜ਼ਦੂਰਾਂ ਵਿੱਚ ਹੜਕੰਪ ਮੱਚ ਗਿਆ।

ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਪਰਤਾਪੁਰ ਥਾਣੇ ਦੇ ਸਟੇਸ਼ਨ ਇੰਚਾਰਜ ਇੰਸਪੈਕਟਰ ਰਾਮ ਪਹਿਲ ਸਿੰਘ ਨੇ ਦੱਸਿਆ ਕਿ ਮਿੱਲ ਦੇ ਮੁੱਖ ਇੰਜਨੀਅਰ ਨਰਿੰਦਰ ਕੁਮਾਰ ਕੁਸ਼ਵਾਹਾ (61) ਅੱਗ ਨੂੰ ਦੇਖ ਕੇ ਘਬਰਾ ਗਏ, ਅਤੇ ਜਾਨ ਬਚਾਉਣ ਲਈ ਉੱਪਰਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।

ਗੰਭੀਰ ਰੂਪ 'ਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐਸ.ਪੀ. (ਸਿਟੀ) ਪੀਯੂਸ਼ ਕੁਮਾਰ ਸਿੰਘ ਨੇ ਦੱਸਿਆ ਕਿ ਨਰੇਂਦਰ ਕੁਮਾਰ ਕੁਸ਼ਵਾਹਾ ਦੀ ਇਲਾਜ ਦੌਰਾਨ ਮੌਤ ਹੋ ਗਈ।

ਘਟਨਾ ਦੀ ਸੂਚਨਾ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦੱਸਿਆ ਗਿਆ ਹੈ ਕਿ ਮਿੱਲ ਵਿੱਚ ਅਚਾਨਕ ਇੱਕ ਟਰਬਾਈਨ ਫਟ ਗਈ, ਜਿਸ ਕਾਰਨ ਅੱਗ ਲੱਗ ਗਈ।

ਅੱਗ ਦੌਰਾਨ ਰੁਕ-ਰੁਕ ਕੇ ਡਰੰਮ ਫਟਣ ਲੱਗੇ। ਇਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।