ਮਹਿੰਗਾਈ ਨੂੰ ਲੈ ਕੇ ਮਾਇਆਵਤੀ ਦਾ ਕੇਂਦਰ ’ਤੇ ਨਿਸ਼ਾਨਾ, ‘ਹੱਲ ਲੱਭਣ ਦੀ ਬਜਾਏ ਚੁੱਪ ਬੈਠੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਲਾਪਰਵਾਹੀ ਤਿਆਗ ਕੇ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ

Mayawati

 

ਲਖਨਊ:  ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਖੁਰਾਕੀ ਵਸਤਾਂ ਦੀ ਮਹਿੰਗਾਈ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਇਸ ਦਾ ਜਵਾਬ ਦੇਣ ਅਤੇ ਹੱਲ ਲੱਭਣ ਦੀ ਬਜਾਏ ਚੁੱਪ ਬੈਠੀ ਹੈ।

ਮਾਇਆਵਤੀ ਨੇ ਟਵੀਟ ਕੀਤਾ, ''ਦੇਸ਼ 'ਚ ਫੈਲੀ ਗਰੀਬੀ ਅਤੇ ਪਛੜੇਪਣ ਦੀ ਬੇਵਸੀ ਭਰੀ ਜ਼ਿੰਦਗੀ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਮਿਹਨਤਕਸ਼ ਲੋਕ ਆਟਾ, ਦਾਲ, ਚਾਵਲ, ਨਮਕ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਲਈ ਹਰ ਰੋਜ਼ ਸਰਕਾਰ ਨੂੰ ਕੋਸਦੇ ਰਹਿੰਦੇ ਹਨ ਪਰ ਜਵਾਬ ਦੇਣ ਅਤੇ ਇਸ ਦਾ ਹੱਲ ਲੱਭਣ ਦੀ ਬਜਾਏ ਇਹ ਜ਼ਿਆਦਾਤਰ ਚੁੱਪ ਹੀ ਰਹਿੰਦੀ ਹੈ, ਅਜਿਹਾ ਕਿਉਂ?

ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਲਾਪਰਵਾਹੀ ਤਿਆਗ ਕੇ ਇਸ ਸਮੱਸਿਆ ਦੇ ਹੱਲ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ, ਇਹੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਬਸਪਾ ਆਗੂ ਨੇ ਕਿਹਾ, 'ਭਾਰਤ ਵਰਗੀ ਵੱਡੀ ਅਬਾਦੀ ਵਾਲੇ ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਹੁਣ ਅਸਲ ਸਿਆਸੀ ਅਤੇ ਚੋਣਾਵੀ ਚਿੰਤਾਵਾਂ ਨਹੀਂ ਰਹੀਆਂ, ਫਿਰ ਵੀ ਸਾਰੀਆਂ ਸਰਕਾਰਾਂ ਦਾ ਚੁੱਪ ਰਹਿ ਕੇ ਦੇਸ਼ ਦੀ ਤਰੱਕੀ ਵਿਚ ਰੁਕਾਵਟ ਬਣਨਾ ਅਨੁਚਿਤ ਅਤੇ ਦੁਖਦਾਈ ਹੈ”।