ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ, ਸਰਕਾਰ ਨੂੰ ਸੁਣਨਾ ਪਵੇਗਾ-ਰਾਹੁਲ ਗਾਂਧੀ
ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੀਤਾ ਟਵੀਟ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਿਸਾਨੀ ਸੰਘਰਸ਼ ਦੇ ਚਲਦਿਆਂ ਲਗਾਤਾਰ ਸੱਤਾਧਾਰੀ ਧਿਰ ਭਾਜਪਾ ‘ਤੇ ਸ਼ਬਦੀ ਹਮਲੇ ਬੋਲ ਰਹੇ ਹਨ।ਕਿਸਾਨੀ ਸੰਘਰਸ਼ ਦੀ ਇਕ ਵੀਡੀਓ ਸ਼ੇਅਰ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ। ਉਹਨਾਂ ਲਿਖਿਆ, ''ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ, ਸਰਕਾਰ ਨੂੰ ਸੁਣਨਾ ਪਏਗਾ।''
ਵੀਡੀਓ ਵਿਚ ਕਿਸਾਨੀ ਮੋਰਚੇ ਦੀਆਂ ਵੱਖ-ਵੱਖ ਝਲਕਾਂ ਦਿਖਾਈਆਂ ਜਾ ਰਹੀਆਂ ਹਨ। ਵੀਡੀਓ ‘ਚ ਕਿਸਾਨ ਬੋਲ ਰਹੇ ਹਨ ਕਿ ਸਰਕਾਰ ਨੂੰ ਉਹਨਾਂ ਦੀ ਗੱਲ਼ ਸੁਣਨੀ ਹੀ ਪਵੇਗੀ ਤੇ ਉਹ ਮੰਗਾਂ ਮਨਵਾ ਕੇ ਹੀ ਵਾਪਸ ਜਾਣਗੇ।
ਦੱਸ ਦਈਏ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਕਰੀਬ ਇਕ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਉਹਨਾਂ ਦੇ ਅੰਦੋਲਨ ਨੂੰ ਭਟਕਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਪਰ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਗੱਲ ਜਦੋਂ ਤੱਕ ਨਹੀਂ ਸੁਣੀ ਜਾਂਦੀ, ਉਹ ਵਾਪਸ ਪਰਤਣ ਵਾਲੇ ਨਹੀਂ ਹਨ।
ਬੀਤੇ ਦਿਨੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਨੂੰ ਦਿਖ ਰਿਹਾ ਹੈ ਕਿ ਕਿਸਾਨ ਕਾਨੂੰਨ ਖਿਲਾਫ ਖੜ੍ਹਾ ਹੈ ਰਾਹੁਲ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਸੰਸਦ ਦਾ ਇਜਲਾਸ ਬੁਲਾਇਆ ਜਾਵੇ ਤੇ ਇਹਨਾਂ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਕਿਸਾਨ ਦੁੱਖ ਤੇ ਦਰਦ ਵਿਚ ਹੈ, ਕੁਝ ਕਿਸਾਨਾਂ ਦੀ ਮੌਤ ਵੀ ਹੋਈ ਹੈ।