ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਮੌਤ 'ਲਵ ਜਿਹਾਦ' ਦਾ ਮਾਮਲਾ - ਭਾਜਪਾ ਮੰਤਰੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਸਰਕਾਰ ਇਨ੍ਹਾਂ ਮਾਮਲਿਆਂ 'ਤੇ ਸਖ਼ਤ ਕਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ

Representational Image

 

ਨਾਸਿਕ - ਮਹਾਰਾਸ਼ਟਰ ਸਰਕਾਰ ਦੇ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਗਿਰੀਸ਼ ਮਹਾਜਨ ਨੇ ਦੋਸ਼ ਲਗਾਇਆ ਹੈ ਕਿ ਟੈਲੀਵਿਜ਼ਨ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ‘ਲਵ ਜਿਹਾਦ’ ਦਾ ਮਾਮਲਾ ਦੱਸਿਆ ਹੈ, ਅਤੇ ਸੂਬਾ ਸਰਕਾਰ ਇਸ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ। 

ਪੁਲਿਸ ਨੇ ਐਤਵਾਰ ਨੂੰ ਉਸ ਦੇ ਸਹਿ-ਅਦਾਕਾਰ ਸ਼ੀਜ਼ਾਨ ਖਾਨ ਨੂੰ ਤੁਨੀਸ਼ਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।

'ਅਲੀ ਬਾਬਾ: ਦਾਸਤਾਨ-ਏ-ਕਾਬੁਲ' 'ਚ ਕੰਮ ਕਰਨ ਵਾਲੀ 21 ਸਾਲਾ ਤੁਨੀਸ਼ਾ ਸ਼ਨੀਵਾਰ ਨੂੰ ਸ਼ੋਅ ਦੇ ਸੈੱਟ 'ਤੇ ਵਾਸ਼ਰੂਮ 'ਚ ਲਟਕਦੀ ਮਿਲੀ ਸੀ।

ਮਹਾਜਨ ਨੇ ਐਤਵਾਰ ਨੂੰ ਕਿਹਾ, ''ਟੈਲੀਵਿਜ਼ਨ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਲਵ ਜਿਹਾਦ ਦਾ ਮਾਮਲਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਅਜਿਹੇ ਮਾਮਲੇ ਰੋਜ਼ਾਨਾ ਵਧ ਰਹੇ ਹਨ। ਅਸੀਂ ਇਸ ਖ਼ਿਲਾਫ਼ ਸਖ਼ਤ ਕਨੂੰਨ ਲਿਆਉਣ 'ਤੇ ਵਿਚਾਰ ਕਰ ਰਹੇ ਹਾਂ।''

ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਰਕਾਰ 'ਲਵ ਜਿਹਾਦ' 'ਤੇ ਦੂਜੇ ਰਾਜਾਂ ਵੱਲੋਂ ਬਣਾਏ ਗਏ ਕਨੂੰਨਾਂ ਦਾ ਅਧਿਐਨ ਕਰਕੇ ਢੁਕਵਾਂ ਫ਼ੈਸਲਾ ਲਵੇਗੀ।

ਸੋਮਵਾਰ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਇੱਕ ਸਵਾਲ ਦੇ ਜਵਾਬ 'ਚ ਮਹਾਜਨ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਨੇੜਤਾ ਨੇ ਸ਼ਿਵ ਸੈਨਾ 'ਚ ਦਰਾਰ ਪੈਦਾ ਕਰ ਦਿੱਤੀ ਹੈ।

ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਕੈਂਪ ਵੱਲੋਂ ਸ਼ਿਵ ਸੈਨਾ ਵਿਰੁੱਧ ਬਗਾਵਤ ਦੇ ਮੁੱਦੇ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, ''ਸ਼ਿਵ ਸੈਨਾ 'ਚ ਫ਼ੁੱਟ ਦੀ ਵੱਡੀ ਜ਼ਿੰਮੇਵਾਰੀ ਸੰਜੇ ਰਾਉਤ ਦੀ ਹੈ। ਸ਼ਰਦ ਪਵਾਰ ਦੇ ਨੇੜੇ ਹੋਣ ਤੋਂ ਬਾਅਦ ਦਰਾਰ ਪੈਦਾ ਹੋਈ। ਇਸ ਤੋਂ ਸ਼ਿਵ ਸੈਨਿਕ ਨਾਖੁਸ਼ ਸਨ। ਇੱਕ ਤਰ੍ਹਾਂ ਨਾਲ ਮੌਜੂਦਾ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਦਾ ਸਿਹਰਾ ਰਾਉਤ ਨੂੰ ਦਿੱਤਾ ਜਾ ਸਕਦਾ ਹੈ।"

ਉਪ-ਮੁੱਖ ਮੰਤਰੀ ਫ਼ੜਨਵੀਸ ਦੇ ਨਜ਼ਦੀਕੀ ਅਤੇ ਉੱਤਰੀ ਮਹਾਰਾਸ਼ਟਰ ਦੇ ਪ੍ਰਭਾਵਸ਼ਾਲੀ ਆਗੂ ਮਹਾਜਨ ਨੇ ਕਿਹਾ, "ਅਸਲ ਵਿੱਚ, ਰਾਉਤ ਹੀ ਏਕਨਾਥ ਸ਼ਿੰਦੇ ਦੀ ਬਹੁਤ ਮਦਦ ਕਰ ਰਹੇ ਸੀ। ਜਦੋਂ ਕੁਝ ਵਿਧਾਇਕ ਊਧਵ ਠਾਕਰੇ ਨੂੰ ਉਨ੍ਹਾਂ ਦੀ ਨਿੱਜੀ ਰਿਹਾਇਸ਼ 'ਮਾਤੋਸ਼੍ਰੀ' ਵਿਖੇ ਮਿਲਣ ਗਏ, ਤਾਂ ਰਾਉਤ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਪਾਰਟੀ ਛੱਡ ਸਕਦੇ ਹਨ। ਸੰਜੇ ਰਾਉਤ ਊਧਵ ਠਾਕਰੇ ਦੀ ਸ਼ਿਵ ਸੈਨਾ ਲਈ ਡਾਇਨਾਮਾਈਟ ਲਾਉਣ ਦਾ ਕੰਮ ਕਰ ਰਹੇ ਸਨ।"