ਮੁੜ ਪੈਰ ਪਸਾਰਦਾ ਕੋਰੋਨਾ - ਦਿੱਲੀ ਸਰਕਾਰ ਨੇ ਫ਼ੌਰੀ ਤਿਆਰੀਆਂ ਲਈ ਕੱਢੇ 104 ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਜਟ ਨੂੰ ਮਨਜ਼ੂਰੀ, ਹਸਪਤਾਲਾਂ ਨੂੰ ਚੌਕਸ ਰਹਿਣ ਦੇ ਹੁਕਮ 

Representational Image

 

ਨਵੀਂ ਦਿੱਲੀ - ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕੁਝ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਪੈਦਾ ਹੋਏ ਖ਼ਦਸ਼ਿਆਂ ਦੇ ਮੱਦੇਨਜ਼ਰ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਹਸਪਤਾਲਾਂ ਵਾਸਤੇ ਜੈਨਰਿਕ ਦਵਾਈਆਂ ਖਰੀਦਣ ਲਈ 104 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ।

ਸਮੀਖਿਆ ਬੈਠਕ ਵਿੱਚ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰੀ ਹਸਪਤਾਲਾਂ ਦੇ ਮੁਖੀਆਂ ਨੂੰ ਸਿਹਤ ਵਿਭਾਗ ਨਾਲ ਬੈੱਡਾਂ, ਵੈਂਟੀਲੇਟਰਾਂ, ਆਈ.ਸੀ.ਯੂ., ਮਨੁੱਖੀ ਵਸੀਲਿਆਂ, ਆਕਸੀਜਨ ਪਲਾਂਟਾਂ ਅਤੇ ਮੈਡੀਕਲ ਉਪਕਰਨਾਂ ਦੇ ਵੇਰਵੇ ਸਾਂਝੇ ਕਰਨ ਦੇ ਨਿਰਦੇਸ਼ ਦਿੱਤੇ।

ਸਿਸੋਦੀਆ ਦੇ ਹਵਾਲੇ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ, "ਵਿਸ਼ਵ ਪੱਧਰ 'ਤੇ ਕੋਵਿਡ ਮਾਮਲਿਆਂ 'ਚ ਵਾਧਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਦਿੱਲੀ ਦੇ ਹਸਪਤਾਲਾਂ ਨੂੰ ਪਹਿਲਾਂ ਤੋਂ ਤਿਆਰ ਅਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ।"

ਇਸ ਵਿੱਚ ਕਿਹਾ ਗਿਆ ਹੈ, "ਇਹ ਯਕੀਨੀ ਬਣਾਉਣ ਲਈ ਕਿ ਸਰਕਾਰੀ ਹਸਪਤਾਲਾਂ ਵਿੱਚ ਕਿਸੇ ਵੀ ਦਵਾਈ ਦੀ ਕਮੀ ਨਾ ਹੋਵੇ ਅਤੇ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ, 104 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।"

ਉਨ੍ਹਾਂ ਕਿਹਾ ਕਿ ਕੇਂਦਰ ਦੇ ਫ਼ੈਸਲੇ ਦੇ ਮੱਦੇਨਜ਼ਰ, ਮੰਗਲਵਾਰ ਨੂੰ ਹਸਪਤਾਲਾਂ ਵਿੱਚ ਇੱਕ 'ਮੌਕ ਡਰਿੱਲ' ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਕੋਵਿਡ-19 ਨਾਲ ਸੰਬੰਧਿਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਤਿਆਰੀ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਤੁਰੰਤ ਦੂਰ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਪੋਰਟਲ 'ਤੇ ਮੰਗਲਵਾਰ ਤੋਂ ਜਨਤਾ ਲਈ ਬਿਸਤਰੇ, ਆਕਸੀਜਨ ਸਿਲੰਡਰ ਅਤੇ ਵੈਂਟੀਲੇਟਰਾਂ ਦੀ ਉਪਲਬਧਤਾ ਦੀ ਜਾਣਕਾਰੀ  ਉਪਲਬਧ ਰਹੇਗੀ।

ਉਨ੍ਹਾਂ ਕਿਹਾ ਕਿ ਕੋਵਿਡ ਜਾਂਚ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਇਸ ਸਮੇਂ ਸ਼ਹਿਰ ਵਿੱਚ ਰੋਜ਼ਾਨਾ 2500 ਤੋਂ 3000 ਸੈਂਪਲ ਟੈਸਟ ਕੀਤੇ ਜਾ ਰਹੇ ਹਨ।