Air India ਦੇ ਨਾਲ ਹੀ ਇਨ੍ਹਾਂ ਦੋ ਸਰਕਾਰੀ ਕੰਪਨੀਆਂ ਦਾ ਵੀ ਹੋ ਰਿਹਾ ਹੈ ਨਿੱਜੀਕਰਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਏਅਰ ਇੰਡੀਆ ਦਾ ਕੋਈ ਖਰੀਦਾਦਰ ਨਹੀਂ ਮਿਲਿਆ ਤਾਂ ਇਸ ਨੂੰ ਮਜ਼ਬੂਰਨ ਬੰਦ ਕਰਨਾ ਪਵੇਗਾ

File Photo

ਨਵੀਂ ਦਿੱਲੀ : ਭਾਰੀ ਕਰਜ਼ ਹੇਠਾਂ ਦਬੀ ਹੋਈ ਸਰਕਾਰੀ ਹਵਾਬਾਜ਼ੀ ਕੰਪਨੀ ਇੰਡੀਅਨ ਏਅਰਲਾਈਨ ਨੂੰ ਵੇਚਣ ਦੀ ਕੇਂਦਰ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਸਰਕਾਰ ਨੇ ਕੰਪਨੀ ਦੀ 100 ਫ਼ੀਸਦੀ ਹਿੱਸੇਦਾਰੀ ਵੇਚਣ ਵਾਸਤੇ ਬੋਲੀਆਂ ਵੀ ਮਗਾ ਲਈਆਂ ਹਨ ਜਿਸ ਦੀ ਆਖਰੀ ਮਿਤੀ 17 ਮਾਰਚ 2020 ਹੈ। ਇਸ ਦੇ ਨਾਲ ਹੀ ਸਰਕਾਰ ਦੋ ਹੋਰ ਕੰਪਨੀਆਂ ਦਾ ਨਿੱਜੀਕਰਨ ਕਰ ਰਹੀ ਹੈ।

ਮੀਡੀਆ ਰਿਪੋਰਟਾ ਅਨੁਸਾਰ ਏਅਰ ਇੰਡੀਆ ਦੇ ਨਾਲ ਹੀ ਸਰਕਾਰ ਨੇ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਪੋਰਟ ਸਰਵਿਸ ਕੰਪਨੀ AISATS ਨੂੰ ਵੀ ਵੇਚਣ ਲਈ ਵੀ ਬੋਲੀਆਂ ਮੰਗੀਆਂ ਹਨ। ਏਅਰ ਇੰਡੀਆ ਨੂੰ ਵੇਚਣ ਦੇ ਲਈ ਗਰੁੱਪ ਆਫ ਮਿਨਿਸਟਰਜ਼(GOM) ਨੇ ਪਿਛਲੀ ਦਿਨੀਂ ਹੀ ਡਰਾਫਟ ਨੂੰ ਮੰਜ਼ੂਰੀ ਦਿੱਤੀ ਹੈ ਜਿਸ ਦੀ ਅਗਵਾਈ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ।

ਬੀਤੇ ਸਾਲ ਇਸ (ਕੰਪਨੀ)  ਦੇ 76 ਫ਼ੀਸਦੀ ਸ਼ੇਅਰ ਵੇਚਣ ਲਈ ਸਰਕਾਰ ਨੇ ਬੋਲੀਆ ਮੰਗੀਆਂ ਸਨ ਪਰ ਉਦੋਂ ਕੋਈ ਵੀ ਖਰੀਦਦਾਰ ਨਹੀਂ ਮਿਲਿਆ ਜਿਸ ਤੋਂ ਬਾਅਦ ਇਸ ਵਾਰ ਬੋਲੀ ਪ੍ਰਕਿਰਿਆ ਦੀਆਂ ਸ਼ਰਤਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਏਅਰ ਇੰਡੀਆ ਦਾ ਕੋਈ ਖਰੀਦਾਦਰ ਨਹੀਂ ਮਿਲਿਆ ਤਾਂ ਇਸ ਨੂੰ ਮਜ਼ਬੂਰਨ ਬੰਦ ਕਰਨਾ ਪਵੇਗਾ ਅਤੇ ਛੋਟੀ-ਛੋਟੀ ਪੂੰਜੀ ਪ੍ਰਣਾਲੀ ਦੀ ਮਦਦ ਨਾਲ ਇਸ ਦੀ ਓਪਰੇਟਿੰਗ ਕਰਨਾ ਮੁਸ਼ਕਿਲ ਹੋ ਰਿਹਾ ਹੈ।

ਦੱਸ ਦਈਏ ਕਿ ਏਅਰ ਇੰਡੀਆ ਲੰਬੇ ਸਮੇਂ ਤੋਂ ਘਾਟੇ ਵਿਚ ਚੱਲ ਰਹੀ ਹੈ। ਸਾਲ 2018-19 ਵਿਚ ਕੰਪਨੀ ਨੂੰ 8,556.35 ਕਰੋੜ ਰੁਪਏ ਦਾ ਘਾਟਾ ਪਿਆ ਸੀ। ਏਅਰਲਾਈਨ 'ਤੇ 50 ਹਜ਼ਾਰ ਕਰੋੜ ਰੁਪਏ ਤੋ ਵੱਧ ਦਾ ਕਰਜ਼ ਹੈ ਇਸ ਲਈ ਸਰਕਾਰ ਏਅਰ ਇੰਡੀਆਂ ਨੂੰ ਵੇਚਣਾ ਚਾਹੁੰਦੀ ਹੈ।