ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਹਾਈਕੋਰਟ ਵਲੋਂ ਭਾਰਤੀ ਸਿੰਘ ਨੂੰ ਰਾਹਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਖ਼ਤ ਕਾਰਵਾਈ 'ਤੇ ਲਗਾਈ ਰੋਕ

file photo

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕਾਮੇਡੀਅਨ ਭਾਰਤੀ ਸਿੰਘ ਨੂੰ ਵੀ ਵੱਡੀ ਰਾਹਤ ਦਿਤੀ ਗਈ ਹੈ, ਜਿਸ ਤਹਿਤ ਉਸ 'ਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਦੇ ਮਾਮਲੇ 'ਚ ਸਖ਼ਤ ਕਾਰਵਾਈ 'ਤੇ ਰੋਕ ਲਗਾ ਦਿਤੀ ਗਈ ਹੈ।

ਦਸਣਯੋਗ ਹੈ ਕਿ ਇਸੇ ਮਾਮਲੇ 'ਚ ਕੋਰੀਉਗ੍ਰਾਫ਼ਰ ਫ਼ਰਾਹ ਖ਼ਾਨ ਅਤੇ ਐਕਟਰ ਰਵੀਨਾ ਟੰਡਨ ਵੀ ਅਜਿਹੇ ਹੀ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਬੀਤੇ ਹਫ਼ਤੇ ਹਾਈ ਕੋਰਟ ਵਲੋਂ ਇਨ੍ਹਾਂ ਦੋਵਾਂ ਨੂੰ ਵੀ ਅਜਿਹੀ ਰਾਹਤ ਦਿਤੀ ਜਾ ਚੁੱਕੀ ਹੈ।

ਇਕ ਟੀਵੀ ਸ਼ੋਅ ਦੌਰਾਨ ਸ਼ਾਮਲ ਇਨ੍ਹਾਂ ਤਿੰਨਾਂ ਅਦਾਕਾਰਾਂ 'ਚੋਂ ਭਾਰਤੀ ਸਿੰਘ ਨੂੰ ਬਾਈਬਲ ਦੇ ਇਕ ਸ਼ਬਦ ਦਾ ਅਰਥ ਪੁੱਛਿਆ ਗਿਆ ਸੀ। ਜਿਸ ਦਾ ਕਿ ਭਾਰਤੀ ਸਿੰਘ ਨੂੰ ਸਹੀ ਅਰਥ ਪਤਾ ਨਾ ਹੋਣ ਕਾਰਨ ਉਸ ਕੋਲੋਂ ਗਲਤੀ ਹੋ ਗਈ ਸੀ।

ਈਸਾਈ ਭਾਈਚਾਰੇ ਵਲੋਂ ਪੰਜਾਬ ਦੇ ਅਜਨਾਲਾ 'ਚ ਇਨ੍ਹਾਂ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਗਈ ਸੀ। ਹਾਈ ਕੋਰਟ ਵਲੋਂ ਹਾਲ ਦੀ ਘੜੀ ਪੰਜਾਬ ਪੁਲਿਸ ਨੂੰ ਇਨ੍ਹਾਂ ਤਿੰਨਾਂ ਵਿਰੁਧ ਸਖ਼ਤ ਕਾਰਵਾਈ ਕਰਨ ਤੋਂ ਰੋਕਿਆ ਗਿਆ ਹੈ।