ਰਾਜਪਥ 'ਤੇ ਪੰਜਾਬ ਦੀ ਝਾਕੀ 'ਚ ਦਿਸਿਆ ਬਾਬੇ ਨਾਨਕ ਦੇ ਸੰਦੇਸ਼
'ਕਿਰਤ ਕਰੋ, ਨਾਪ ਜਪੋ ਅਤੇ ਵੰਡ ਛਕੋ' 'ਤੇ ਅਧਾਰਿਤ ਸੀ ਪੰਜਾਬ ਦੀ ਝਾਕੀ
ਨਵੀਂ ਦਿੱਲੀ- ਦਿੱਲੀ ਦੇ ਰਾਜਪਥ 'ਤੇ ਗਣਤੰਤਰ ਦਿਵਸ ਦੀ ਪ੍ਰੇਡ ਮੌਕੇ ਵੱਖ-ਵੱਖ ਸੂਬਿਆਂ ਦੀ ਸੁੰਦਰ ਝਾਕੀਆਂ ਦੇਖਣ ਨੂੰ ਮਿਲੀਆਂ ਪਰ ਇਸ ਦੌਰਾਨ ਪੰਜਾਬ ਦੀ ਝਾਕੀ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਹੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' 'ਤੇ ਅਧਾਰਿਤ ਸੀ। ਪੰਜਾਬ ਦੀ ਇਸ ਝਾਕੀ ਵਿਚ ਬਾਬੇ ਨਾਨਕ ਦੇ ਇਸ ਸੰਦੇਸ਼ ਨੂੰ ਬਾਖ਼ੂਬੀ ਦਰਸਾਇਆ ਗਿਆ। ਪੰਜਾਬ ਦੀ ਇਹ ਝਾਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ।
ਪੰਜਾਬ ਦੀ ਇਸ ਝਾਕੀ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਇਸ ਵਿਚ ਕੁੱਝ ਲੋਕਾਂ ਨੂੰ ਖੇਤਾਂ ਵਿਚ ਕੰਮ ਕਰਦੇ ਹੋਇਆ ਦਿਖਾਇਆ ਗਿਆ, ਜਿਸ ਤੋਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰਿਆਂ ਨੂੰ ਕਿਰਤ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਕੁੱਝ ਗੁਰਸਿੱਖਾਂ ਨੂੰ ਗੁਰਬਾਣੀ ਕੀਰਤਨ ਕਰਦੇ ਹੋਏ ਵੀ ਦਿਖਾਇਆ ਗਿਆ ਸੀ। ਜਿਸ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਾਨੂੰ ਕਿਰਤ ਕਰਨ ਦੇ ਨਾਲ-ਨਾਲ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਵੀ ਜਪਣਾ ਚਾਹੀਦਾ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ।
ਲੰਗਰ ਛਕਦੇ ਤੇ ਵਰਤਾਉਂਦੇ ਹੋਏ ਲੋਕਾਂ ਦਾ ਦ੍ਰਿਸ਼ ਇਹ ਦਰਸਾਉਂਦਾ ਸੀ ਕਿ ਸਾਨੂੰ ਸਾਰਿਆਂ ਨੂੰ ਵੰਡ ਕੇ ਛਕਣਾ ਚਾਹੀਦਾ ਹੈ। ਇਸ ਵਿਚ ਇਕ ਗੁਰਸਿੱਖ ਪੰਗਤ ਵਿਚ ਬੈਠੀ ਸੰਗਤ ਨੂੰ ਲੰਗਰ ਛਕਾਉਂਦਾ ਹੋਇਆ ਦਿਖਾਇਆ ਗਿਆ ਸੀ। ਬਾਬੇ ਨਾਨਕ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਅੱਜ ਵਿਸ਼ਵ ਦੇ ਹਰ ਕੋਨੇ ਵਿਚ ਚੱਲ ਰਹੀ ਹੈ ਜਿਸ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ।
ਇਸੇ ਤਰ੍ਹਾਂ ਇਸ ਝਾਕੀ ਦੇ ਅਗਲੇ ਪਾਸੇ ਬਾਬੇ ਨਾਨਕ ਦੀ ਬਾਣੀ 'ਅੱਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ' ਦਾ ਪ੍ਰਤੀਕ ਬਣਿਆ ਹੋਇਆ ਨਜ਼ਰ ਆ ਰਿਹਾ ਸੀ, ਜੋ ਇਹ ਦਰਸਾਉਂਦਾ ਹੈ ਕਿ ਪ੍ਰਮਾਤਮਾ ਇਕ ਹੈ ਜੋ ਸਭ ਦਾ ਪਾਲਣਹਾਰ ਹੈ। ਝਾਕੀ 'ਤੇ ਗੁਰਦੁਆਰਾ ਸਾਹਿਬ ਦਾ ਸੁੰਦਰ ਮਾਡਲ ਬਣਾਇਆ ਗਿਆ ਸੀ ਜੋ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ। ਝਾਕੀ ਦੇ ਨਾਲ-ਨਾਲ ਇਕ ਸ਼ਬਦ ਵੀ ਸੁਣਾਈ ਦੇ ਰਿਹਾ ਸੀ ਜੋ ਬਾਬੇ ਨਾਨਕ ਦੇ ਸੰਦੇਸ਼ 'ਤੇ ਹੀ ਅਧਾਰਤ ਸੀ।
ਦੱਸ ਦਈਏ ਕਿ ਪੰਜਾਬ ਦੀ ਇਸ ਝਾਕੀ ਨੂੰ ਸਾਰਿਆਂ ਨੇ ਬੇਹੱਦ ਪਸੰਦ ਕੀਤਾ ਇਸ ਦੌਰਾਨ ਪੰਜਾਬ ਤੋਂ ਗਏ ਕੁੱਝ ਨੇਤਾ ਝਾਕੀ ਨੂੰ ਦੇਖ ਕੇ ਖ਼ੁਸ਼ ਹੁੰਦੇ ਨਜ਼ਰ ਆਏ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਝਾਕੀ ਵਿਚ ਬਾਬੇ ਨਾਨਕ ਦਾ ਸੰਦੇਸ਼ ਦੇਖ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਸਨ।