ਸਮੋਸੇ ਵਾਲਾ ਫੇਸਬੁੱਕ 'ਤੇ ਨਾਮ ਬਦਲ ਬਣਿਆ 'ਮਜਨੂੰ' : 'ਖਾਕੀ' ਨਾਲ ਪੇਚਾ ਪਾਉਣ ਦੀ ਕੋਸ਼ਿਸ਼ ਪਈ ਭਾਰੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੋਬਾਈਲ ਸਮੇਤ ਕਾਬੂ ਕਰ ਕੇ ਅਰੰਭੀ ਕਾਰਵਾਈ

file photo

ਨਵੀਂ ਦਿੱਲੀ : ਸਮੋਸੇ ਵੇਚਣ ਵਾਲੇ ਨੂੰ ਫੇਸਬੁੱਕ ਜ਼ਰੀਏ ਇਸ਼ਕ 'ਚ ਮਜਨੂੰ ਬਣਨਾ ਉਸ ਵੇਲੇ ਭਾਰੀ ਪੈ ਗਿਆ, ਜਦੋਂ ਉਸ ਦਾ ਪੇਚਾ ਅੱਗੇ ਇਕ ਮਹਿਲਾ ਕਾਸਟੇਬਲ ਨਾਲ ਪੈ ਗਿਆ। ਮਹਿਲਾ ਕਾਸਟੇਬਲ ਵਲੋਂ ਦਿਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਦਰਅਸਲ ਡਬਰਾ ਵਿਖੇ ਸਮੋਸੇ ਵੇਚਣ ਵਾਲੇ ਇਕ ਨੌਜਵਾਨ ਨੇ ਫੇਸਬੁੱਕ 'ਤੇ ਟੌਪ ਨਾਮ ਹੇਠ ਆਈਡੀ ਬਣਾ ਕੇ ਇਕ ਮਹਿਲਾ ਕਾਂਸਟੇਬਲ ਨੂੰ ਫਰੈਂਡ ਰਿਕਵੈਸਟ ਭੇਜ ਦਿਤੀ। ਮਹਿਲਾ ਕਾਂਸਟੇਬਲ ਵਲੋਂ ਉਸ ਦੀ ਫਰੈਂਡ ਰਿਕਵੈਸਟ ਅਸੈਪਟ ਹੋਣ ਬਾਅਦ ਉਹ ਅਸ਼ਲੀਲ ਚੈਟ ਕਰਨ ਲੱਗ ਪਿਆ।

ਮਹਿਲਾ ਕਾਂਸਟੇਸਲ ਵਲੋਂ ਉਸ ਨੂੰ ਬਲਾਕ ਕਰਨ ਤੋਂ ਬਾਅਦ ਉਸ ਨੇ ਫੇਕ ਆਈਡੀ ਬਣਾ ਕੇ ਅਸ਼ਲੀਲ ਵੀਡੀਓ ਭੇਜਣੀਆਂ ਸ਼ੁਰੂ ਕਰ ਦਿਤੀਆਂ। ਉਸ ਨੇ ਮਹਿਲਾ ਕਾਂਸਟੇਬਲ ਨੂੰ ਬਦਨਾਮ ਕਰਨ ਦੀ ਧਮਕੀ ਵੀ ਦਿਤੀ। ਇਸ ਤੋਂ ਬਾਅਦ ਪੀੜਤਾ ਨੇ ਦਸੰਬਰ 2019 ਵਿਚ ਸਾਈਬਰ ਸੈੱਲ ਨੂੰ ਸ਼ਿਕਾਇਤ ਕਰ ਦਿਤੀ।

ਸਾਈਬਰ ਸੈੱਲ ਨੇ ਮੁਲਜ਼ਮ ਤਕ ਪਹੁੰਚਣ ਲਈ ਜਾਲ ਵਿਛਾਇਆ ਤੇ ਅਖੀਰ ਸ਼ੁੱਕਰਵਾਰ ਸ਼ਾਮ ਨੂੰ ਮੁਲਜ਼ਮ ਨੂੰ ਪਿਛੋਰ ਤੋਂ ਕਾਬੂ ਕਰ ਲਿਆ। 25 ਸਾਲਾ ਮਹਿਲਾ ਕਾਂਸਟੇਬਲ ਗਵਾਲੀਅਰ ਦੀ ਵਾਸੀ ਦੱਸੀ ਜਾ ਰਹੀ ਹੈ ਜੋ ਕਿ ਗੁਣਾ ਜ਼ਿਲ੍ਹੇ ਅੰਦਰ ਤੈਨਾਤ ਹੈ।

ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਇੰਚਾਰਜ ਸੂਬਾ ਸਾਈਬਰ ਸੈੱਲ ਮੁਕੇਸ਼ ਨਾਰੌਲੀਆ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ। ਪੁਲਿਸ ਵਲੋਂ ਅਪਣੇ ਪੱਧਰ 'ਤੇ ਕੀਤੀ ਪੜਤਾਲ ਦੌਰਾਨ ਇੰਟਰਨੈੱਟ ਵਾਲੇ ਮੋਬਾਈਲ ਦੀ ਲੋਕੇਸ਼ਨ ਡਬਰਾ-ਪਿਛੋਰ ਦੇ ਵਿਚਕਾਰ ਦੀ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਕ੍ਰਿਸ਼ਨਲਾਲ ਪੁੱਤਰ ਅਸ਼ੋਕ ਬਾਥਸ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਪਿਛੋਰ ਵਾਸੀ ਕ੍ਰਿਸ਼ਨਲਾਲ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ, ਜਿਸ ਵਿਚੋਂ ਫੇਸਬੁੱਕ 'ਤੇ ਭੇਜੇ ਜਾ ਰਹੇ ਸੁਨੇਹਿਆ ਬਾਬਤ ਸਾਰੇ ਸਬੂਤ ਵੀ ਪੁਲਿਸ ਨੂੰ ਮਿਲ ਗਏ ਹਨ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।