ਫੇਸਬੁੱਕ ਪੋਸਟ ਨੇ ਲਈ 8 ਲੋਕਾਂ ਦੀ ਜਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੋ ਔਰਤਾਂ ਸਮੇਤ 30 ਲੋਕਾਂ 'ਤੇ ਭੀੜ ਨੇ ਕੀਤਾ ਹਮਲਾ

Facebook post

ਢਾਕਾ: ਬੰਗਲਾਦੇਸ਼ ਵਿਚ ਪੁਲ ਦੇ ਨਿਰਮਾਣ ਲਈ ਬੱਚਿਆ ਨੂੰ ਅਗਵਾ ਕਰ ਕੇ ਬਲੀ ਦੇਣ ਦੀ ਸੋਸ਼ਲ ਮੀਡੀਆ ‘ਤੇ ਫੈਲੀ ਇਕ ਅਫ਼ਵਾਹ ਤੋਂ ਬਾਅਦ ਭੀੜ ਨੇ ਕੁੱਟ-ਕੁੱਟ ਕੇ ਅੱਠ ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਮੁਖੀ ਜਾਵੇਦ ਪਟਵਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ। ਉਹਨਾਂ ਨੂੰ ਫੇਸਬੁੱਕ ‘ਤੇ ਫੈਲੀ ਇਕ ਅਫ਼ਵਾਹ ਤੋਂ ਬਾਅਦ ਭੀੜ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਿ 3 ਅਰਬ ਡਾਲਰ ਦੇ ਵਿਸ਼ਾਲ ਪ੍ਰਾਜੈਕਟ ਲਈ ਮਨੁੱਖੀ ਸਿਰਾਂ ਦੀ ਜ਼ਰੂਰਤ ਹੈ।

ਪਟਵਾਰੀ ਨੇ ਢਾਕਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਹਨਾਂ ਅੱਠ ਹੱਤਿਆਵਾਂ ਵਿਚ ਹਰੇਕ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਭੀੜ ਨੇ ਜਿਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਹੈ ਉਹਨਾਂ ਵਿਚੋਂ ਕਿਸੇ ਨੇ ਵੀ ਬੱਚੇ ਅਗਵਾ ਨਹੀਂ ਕੀਤੇ ਸਨ। ਅਫ਼ਵਾਹ ਨੂੰ ਲੈ ਕੇ 30 ਹੋਰ ਲੋਕਾਂ ‘ਤੇ ਵੀ ਹਮਲਾ ਕੀਤਾ ਗਿਆ ਹੈ।ਪਟਵਾਰੀ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਪੁਲਿਸ ਥਾਣਿਆਂ ਨੂੰ ਅਫ਼ਵਾਹ ਨਾਲ ਨਿਪਟਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਘੱਟੋ-ਘੱਟ 25 ਯੂ-ਟਿਊਬ ਚੈਨਲ, 60 ਫੇਸਬੁੱਕ ਪੇਜ ਅਤੇ 10 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਵਿਚ ਦੋ ਬੱਚਿਆਂ ਦੀ ਮਾਂ ਤਸਲੀਮਾ ਬੇਗਮ ਵੀ ਸ਼ਾਮਲ ਹੈ, ਜਿਸ ਨੂੰ ਭੀੜ ਨੇ ਅਗਵਾ ਕਰਤਾ ਸਮਝ ਕੇ ਸ਼ਨੀਵਾਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਕ ਬੋਲ਼ੇ ਵਿਅਕਤੀ ਦੀ ਵੀ ਉਸੇ ਦਿਨ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਅਪਣੀ ਲੜਕੀ ਨੂੰ ਮਿਲਣ ਜਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਤਸਲੀਮਾ ਦੀ ਹੱਤਿਆ ਨੂੰ ਲੈ ਕੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਅਫ਼ਵਾਹ ਫੈਲਾਉਣ ਦੇ ਮਾਮਲੇ ਵਿਚ ਘੱਟੋ ਘੱਟ ਪੰਜ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜਿਸ ਪੁਲ ਨੂੰ ਲੈ ਕੇ ਅਫ਼ਵਾਹ ਫੈਲਾਈ ਗਈ, ਉਸ ਦਾ ਨਿਰਮਾਣ ਗੰਗਾ ਨਦੀ ਦੀ ਇਕ ਮੁੱਖ ਸਹਾਇਕ ਨਦੀ ਪਦਮਾ ‘ਤੇ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ