ਪਹਿਲਾਂ ਤੋਂ ਹੀ ਵੱਖ ਚੱਲ ਰਹੀ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਅੰਦੋਲਨ ਤੋਂ ਕੀਤਾ ਕਿਨਾਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਰਨਾ ਜਾਰੀ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਸਾਡੀਆਂ ਸ਼ੁਭਕਾਮਨਾਵਾਂ—ਵੀਐਮ ਸਿੰਘ

VM Singh

ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ਮੌਕੇ ਲਾਲ ਕਿਲੇ ‘ਤੇ ਹੋਈ ਹਿੰਸਾ ਤੋਂ ਬਾਅਦ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨ ਅੰਦੋਲਨ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਦੇ ਮੁਖੀ ਵੀਐਮ ਸਿੰਘ ਨੇ ਕਿਹਾ ਕਿ ਬੀਤੇ ਦਿਨ ਹੋਈ ਹਿੰਸਾ ਵਿਚ ਸਰਕਾਰ ਦੀ ਵੀ ਗਲਤੀ ਹੈ।

 

 

ਉਹਨਾਂ ਨੇ ਸਵਾਲ ਕੀਤਾ ਕਿ ਜਦੋਂ ਕੋਈ 11 ਵਜੇ ਦੀ ਜਗ੍ਹਾ 8 ਵਜੇ ਨਿਕਲ ਰਿਹਾ ਹੈ ਤਾਂ ਉਸ ਸਮੇਂ ਸਰਕਾਰ ਕੀ ਕਰ ਰਹੀ ਸੀ। ਵੀਐਮ ਸਿੰਘ ਨੇ ਕਿਹਾ ਸਰਕਾਰ ਨੂੰ ਪਤਾ ਸੀ ਕਿ ਲਾਲ ਕਿਲ੍ਹੇ ‘ਤੇ ਝੰਡਾ ਫਹਿਰਾਉਣ ਵਾਲੇ ਨੂੰ ਕੁਝ ਸੰਗਠਨਾਂ ਨੇ ਕਰੋੜਾਂ ਰੁਪਏ ਦੇਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਭਾਰਤ ਦੇ ਝੰਡੇ ਦੀ ਮਰਿਯਾਦਾ ਨੂੰ ਜਿਸ ਨੇ ਭੰਗ ਕੀਤਾ, ਉਹ ਗਲਤ ਹੈ ਅਤੇ ਜਿਸ ਨੇ ਭੰਗ ਕਰਨ ਦਿੱਤਾ ਉਹ ਗਲਤ ਹੈ।

ਵੀਐਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਅੰਦੋਲਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਸੀ ਪਰ ਇਸ ਦਾ ਰੂਪ ਬਦਲ ਚੁੱਕਾ ਹੈ। ਇਸ ਲਈ ਅਸੀਂ ਇਹਨਾਂ ਲੋਕਾਂ ਦਾ ਸਾਥ ਨਹੀਂ ਦੇਣਾ ਚਾਹੁੰਦੇ। ਇਸ ਦੌਰਾਨ ਕਿਸਾਨ ਆਗੂ ਨੇ ਰਾਕੇਸ਼ ਟਿਕੈਤ ‘ਤੇ ਵੀ ਹਮਲਾ ਬੋਲਿਆ।  ਵੀਐਮ ਸਿੰਘ ਨੇ ਕਿਹਾ ਇਸ ਤਰ੍ਹਾਂ ਅੰਦੋਲਨ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਅਸੀਂ ਇੱਥੇ ਲੋਕਾਂ ਨੂੰ ਪਿਟਵਾਉਣ ਜਾਂ ਸ਼ਹੀਦ ਕਰਾਉਣ ਨਹੀਂ ਆਏ ਹਾਂ।

ਨਾਲ ਹੀ ਉਹਨਾਂ ਨੇ ਇਸ ਮੌਕੇ ਕੇਂਦਰ ਸਰਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਕਿਸਾਨਾਂ ਨੂੰ ਲਾਲ ਕਿਲ੍ਹੇ ਤੱਕ ਲੈ ਕੇ ਗਿਆ ਜਾਂ ਜਿਸ ਨੇ ਕਿਸਾਨਾਂ ਨੂੰ ਉਕਸਾਇਆ ਹੈ, ਉਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਮੁਖੀ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਵੀ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ।