ਬਲਦੇਵ ਸਿੰਘ ਸਿਰਸਾ ਨੇ ਸਟੇਜ ਤੋਂ ਕੀਤਾ ਵੱਡਾ ਖੁਲਾਸਾ, ਸੁਣੋ ਕਿਵੇਂ ਕੀਤੀ ਗਈ ਸ਼ਾਂਤੀ ਭੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਾਤਾਰ ਦੋ ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਕਿਸਾਨ ਡਟੇ ਹੋਏ ਹਨ ਪਰ ਗਣਤੰਤਰਤਾ...

Baldev Singh Sirsa

ਨਵੀਂ ਦਿੱਲੀ: ਲਗਾਤਾਰ ਦੋ ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਕਿਸਾਨ ਡਟੇ ਹੋਏ ਹਨ ਪਰ ਗਣਤੰਤਰਤਾ ਦਿਵਸ ‘ਤੇ ਟਰੈਕਟਰ ਪਰੇਡ ਕਰਨ ਤੋਂ ਬਾਅਦ ਕੁਝ ਕਿਸਾਨ ਪੰਜਾਬ ਨੂੰ ਵਾਪਸ ਜਾ ਰਹੇ ਹਨ। ਇਸ ਦੌਰਾਨ ਕਿਸਾਨੀ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਹੜੇ ਕਿਸਾਨ ਇੱਥੋਂ ਟਰੈਕਟਰ, ਟਰਾਲੀਆਂ, ਗੱਡੀਆਂ, ਟਰੱਕ ਆਦਿ ਲੈ ਕੇ ਪੰਜਾਬ ਨੂੰ ਵਾਪਸ ਜਾ ਰਹੇ ਹਨ ਤਾਂ ਉਨ੍ਹਾਂ ਕਰਨਾਲ ਤੋਂ ਅੱਗੇ ਨਿਕਲ ਕੇ ਅੰਬਾਲਾ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਰੋਕਿਆ ਜਾ ਰਿਹਾ ਹੈ।

 ਕਿਸਾਨਾਂ ਦੇ ਵਾਹਨਾਂ ਤੋਂ ਕਿਸਾਨੀ ਝੰਡੇ ਉਤਰਵਾਏ ਜਾ ਰਹੇ ਹਨ ਅਤੇ ਸਾਰਿਆਂ ਨੂੰ ਡਰਾਇਆ ਤੇ ਧਮਕਾਇਆ ਵੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਕਿਸੇ ਕਿਸਾਨ ਦੇ ਪੰਜਾਬ ਨੂੰ ਜਾਂਦਿਆਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸਦੇ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਕਿਉਂਕਿ ਇਨ੍ਹਾਂ ਵੱਲੋਂ ਹੁਣ ਤੱਕ ਕਈਂ ਤਰ੍ਹਾਂ ਦੀਆਂ ਕਿਸਾਨਾਂ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਚੁੱਕੀਆਂ ਹਨ ਅਤੇ ਤੁਹਾਡੇ ਪਾਪ ਦੇ ਭਾਂਡੇ ਚੁਰਾਹੇ ਵਿਚ ਫੁੱਟ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੈਨੂੰ 26 ਜਨਵਰੀ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਸੀ ਕਿ ਇਹ ਰੈਲੀ ਕੀ ਸ਼ਾਂਤਮਈ ਰਹੇਗੀ? ਇਸਤੋਂ ਬਾਅਦ ਮੈਂ ਕਿਹਾ ਕਿ ਇਸ ‘ਚ ਖਦਸ਼ਾ ਹੈ ਕਿਉਂਕਿ ਸਰਕਾਰ ਇਸ ਰੈਲੀ ਨੂੰ ਸ਼ਾਂਤਮਈ ਨਹੀਂ ਰਹਿਣ ਦੇਵੇਗੀ ਅਤੇ ਸਰਕਾਰ ਨੇ ਬਿਲਕੁੱਲ ਉਸੇ ਤਰਜ਼ ‘ਤੇ ਇਹ ਘਟਨਾਕ੍ਰਮ ਕੀਤਾ ਹੈ। ਸਿਰਸਾ ਨੇ ਕਿਹਾ ਕਿ ਟਰੈਕਟਰ, ਟਰਾਲੀਆਂ, ਲੱਖਾਂ ਦੀ ਗਿਣਤੀ ਵਿਚ ਲੋਕ ਪੁਲਿਸ ਵੱਲੋਂ ਦਿੱਤੇ ਹੋਏ ਰੂਟਾਂ ‘ਤੇ ਗਏ, ਪਿੱਛੇ ਵੀ ਉਨ੍ਹਾਂ ਹੀ ਹਜ਼ੂਮ ਜਿੰਨਾ ਕਿ ਅੱਗੇ ਸੀ ਪਰ ਜਿਹੜਾ ਘਟਨਾਕ੍ਰਮ ਲਾਲ ਕਿਲੇ ਵਿਚ ਵਾਪਰਿਆ ਜੇ ਉਹ ਨਾ ਵਾਪਰਦਾ ਤਾਂ ਇਹ ਰੈਲੀ ਦੋ ਦਿਨ ਚੱਲਣੀ ਸੀ, ਇਨਾਂ ਵੱਡਾ ਰੈਲੀ ਦਾ ਇਕੱਠ ਦੇਖ ਸਰਕਾਰ ਘਬਰਾ ਗਈ ਤੇ ਸਰਕਾਰ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਇੱਕ ਹਥਕੰਡਾ ਅਪਣਾਇਆ ਗਿਆ, ਸਰਕਾਰ ਦਾ ਮਨਸੂਬਾ ਸੀ ਕਿ ਲੋਕ ਇੱਥੋਂ ਚਲੇ ਜਾਣਗੇ, ਗੋਦੀ ਮੀਡੀਆ ਵੱਲੋਂ ਵੀ ਗਲਤ ਖਬਰਾਂ ਦਿੱਤੀਆਂ ਗਈਆਂ ਸਨ ਪਰ ਕਿਸਾਨਾਂ ਦੇ ਬੁਲੰਦ ਹੋਸਲਿਆਂ ਦੇ ਜਨੂਨ ਨੇ ਇਹ ਸਪੱਸ਼ਟ ਕੀਤਾ ਕਿ ਇਥੋਂ ਅਸੀਂ ਜਿੱਤੇ ਬਗੈਰ ਨਹੀਂ ਜਾਣਾ ਹੈ, ਅਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਜਾਵਾਂਗੇ।