ਦੀਪ ਸਿੱਧੂ ਹੈ ਗੱਦਾਰ, RSS ਦਾ ਏਜੰਟ ਹੋਣ ਦਾ ਦਿੱਤਾ ਸਬੂਤ: ਬਲਬੀਰ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਲਾਲ ਕਿਲੇ ਉਤੇ ਕੇਸਰੀ ਝੰਡਾ ਲਹਿਰਾਉਣ...

Balvir Singh Rajewal

ਨਵੀਂ ਦਿੱਲੀ: 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਲਾਲ ਕਿਲੇ ਉਤੇ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਜਿੱਥੇ ਆਉਣ ਵਾਲੇ ਸਮੇਂ ਵਿਚ ਹਾਲਾਤ ਬਹੁਤ ਭਿਆਨਕ ਹੋਣ ਦੇ ਆਸਾਰ ਬਣ ਗਏ ਹਨ। ਲਾਲ ਕਿਲੇ ‘ਤੇ ਕੇਸਰੀ ਝੰਡਾ ਚੜਾਉਣ ਸਮੇਂ ਵੱਡੀ ਗਿਣਤੀ ‘ਚ ਲੋਕਾਂ ਦੀ ਅਗਵਾਈ ਕਰਨ  ਵਾਲੇ ਫਿਲਮੀ ਅਦਾਕਾਰ ਦੀਪ ਸਿੱਧੂ ਨੂੰ ਕਿਸਾਨ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰੱਜ ਕੇ ਲਾਹਨਤਾਂ ਪਾਈਆਂ ਹਨ।

ਰਾਜੇਵਾਲ ਨੇ ਕਿਹਾ ਕਿ ਜਦੋਂ 4 ਕਿਲੋਮੀਟਰ ਪਿੱਛੇ ਅਸੀਂ ਜਾ ਰਹੇ ਸੀ ਤਾਂ ਡਾ. ਦਰਸ਼ਨਪਾਲ ਨੇ ਮੈਨੂੰ ਖਬਰ ਦਿੱਤੀ ਕਿ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੂਟਾਂ ਤੋਂ ਵੀ ਟਰੈਕਟਰਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਰਿੰਗ ਰੋਡ ਵੱਲ ਧੱਕੇ ਨਾਲ ਭੇਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ 26 ਜਨਵਰੀ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਨਾਲ ਸਾਡੀ ਬੈਠਕ ਸੀ ਉਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਜਿਸ ਪਾਸਿਓ ਪਰੇਡ ਕੱਢਣੀ ਹੈ ਉਹ ਰਸਤੇ ਸੰਘਣੀ ਵਸੋਂ ਵਾਲੇ ਹੋਣ ਤਾਂ ਜੋ ਲੋਕ ਵੀ ਇਸ ਟਰੈਕਟਰ ਪਰੇਡ ਨੂੰ ਦੇਖ ਸਕਣ ਕਿਉਂਕਿ ਖਾਲੀ ਸੜਕਾਂ ਉਤੇ ਟਰੈਕਟਰਾਂ ਨੂੰ ਭਜਾਉਣਾ ਜਾਂ ਲੋਕਾਂ ਦਾ ਉਥੇ ਨਾ ਹੋਣਾ ਇਹ ਕੋਈ ਪਰੇਡ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਅੱਗੇ ਸ਼ਰਾਰਤੀ ਅਨਸਰਾਂ ਵੱਲੋਂ ਗਿਣੇ-ਮਿੱਥੇ ਸਾਜ਼ਿਸ਼ ਅਧੀਨ ਕੁਝ ਵਿਅਕਤੀ ਖੜਾਏ ਹੋਏ ਸਨ, ਤਾਂ ਸਾਡੇ ਆਗੂਆਂ ਵੱਲੋਂ ਪਿੱਛੇ ਮੁੜਨ ਦੇ ਸੰਕੇਤ ਦਿੱਤੇ ਗਏ ਕਿਉਂਕਿ ਅਸੀਂ ਕਿਸੇ ਮਾਂ ਦੇ ਪੁੱਤਾਂ ਨੂੰ ਮਰਵਾ ਕੇ ਲੀਡਰੀ ਲਈ ਆਪਣਾ ਨਾਮ ਨਹੀਂ ਚਮਕਾਉਣ ਆਏ। ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਵੱਲੋਂ ਅੱਗੇ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਗਏ ਅਤੇ ਦਿੱਲੀ ਲਾਲ ਕਿਲੇ ਵੱਲ ਜਾਣ ਨੂੰ ਕਿਹਾ ਇਸਦੇ ਨਾਲ ਹੀ ਟਿੱਕਰੀ ਬਾਰਡਰ ਉਤੇ ਵੀ ਇਸ ਤਰ੍ਹਾਂ ਹੀ ਬੈਰੀਕੇਡ ਲਗਾ ਕੇ ਰੋਕਿਆ ਗਿਆ, ਅਤੇ ਰੂਟਾਂ ਉਤੇ ਪੁਲਿਸ ਵੱਲੋਂ ਰੁਕਵਟ ਕਰਨ ਦੀ ਕੋਸ਼ਿਸ਼ ਕੀਤੀ ਗਈ।

ਰਾਜੇਵਾਲ ਨੇ ਕਿਹਾ ਕਿ ਹਰਿਆਣਾ ਦੇ 100 ਤੋਂ 150 ਨੌਜਵਾਨਾਂ ਨੂੰ ਸਿੱਧਾ ਜਾਣ ਲਈ ਰੋਕਿਆ ਨਹੀਂ ਗਿਆ ਪਰ ਪੰਜਾਬ ਦੇ ਨੌਜਵਾਨਾਂ ਨੂੰ ਰੋਕਿਆ ਗਿਆ ਸੀ। ਰਾਜੇਵਾਲ ਨੇ ਲਾਲਾ ਕਿਲੇ ਵਾਲੀ ਘਟਨਾ ਦਾ ਭਾਜਪਾ ਦੇ ਮੱਥੇ ਦੋਸ਼ ਮੜਦਿਆਂ ਕਿਹਾ ਕਿ ਗਾਜ਼ੀਪੁਰ ਦੇ ਨੌਜਵਾਨਾਂ ਪੁਲਿਸ ਵੱਲੋਂ ਰੋਕ ਕੇ ਸਿੱਧਾ ਲਾਲ ਕਿਲੇ ਵੱਲ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਦਿਨ ਲਾਲ ਕਿਲੇ ਵਿਚੋਂ ਪੁਲਿਸ ਫੋਰਸ ਦਾ ਗਾਇਬ ਹੋਣਾ ਮਾਮੂਲੀ ਗੱਲ ਨਹੀਂ ਕਿਉਂਕਿ ਇਨ੍ਹਾਂ ਵੱਲੋਂ ਸਾਜ਼ਿਸ਼ ਘੜੀ ਗਈ ਸੀ ਕਿ ਲਾਲ ਕਿਲੇ ਵਿਚ ਅਜਿਹੀ ਘਟਨਾ ਵਾਪਰੇ ਜਿਸ ਨਾਲ ਕਿਸਾਨੀ ਅੰਦੋਲਨ ਉਤੇ ਕੋਈ ਨਾ ਕੋਈ ਕਲੰਕ ਲੱਗੇ।

ਰਾਜੇਵਾਲ ਨੇ ਕਿਹਾ ਕਿ ਇਹ ਘਟਨਾ ਬੀਜੇਪੀ ਅਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋਂ ਇਸ ਲਈ ਵਰਤਾਈ ਗਈ ਸੀ ਕਿ ਪੰਜਾਬੀਆਂ ਨੂੰ ਅਤਿਵਾਦੀ, ਖਾਲਿਸਤਾਨੀ ਦੇ ਨਾਂ ‘ਤੇ ਭੰਡਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਘਿਨੌਣੇ ਕੰਮ ਛੱਡਕੇ ਆਪਣੇ ਦੇਸ਼ ਦੇ ਲੋਕਾਂ ਦੀ ਚਿੰਤਾ ਕਰਨੀ ਚਾਹੀਦੀ ਹੈ।