ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਮਗਰੋਂ ਕਿਸਾਨਾਂ ਤੋਂ ਬਚ ਕੇ ਭੱਜਿਆ ਦੀਪ ਸਿੱਧੂ, ਦੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਤੋਂ ਬਚ ਕੇ ਮੋਟਰਸਾਈਕਲ ’ਤੇ ਫ਼ਰਾਰ ਹੋਇਆ ਦੀਪ ਸਿੱਧੂ

Deep SIdhu

ਨਵੀਂ ਦਿੱਲੀ: ਬੀਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਜੋ ਕੁੱਝ ਹੋਇਆ ਉਸ ਨਾਲ ਭਾਵੇਂ ਕੁੱਝ ਲੋਕਾਂ ਨੂੰ ਤਾਂ ਖ਼ੁਸ਼ੀ ਹੋ ਰਹੀ ਹੈ ਪਰ ਉਨ੍ਹਾਂ ਲੋਕਾਂ ਨੂੰ ਦੁੱਖ ਪਹੁੰਚਿਆ ਹੈ ਜੋ ਸਿਰਫ਼ ਤੇ ਸਿਰਫ਼ ਅਪਣੀਆਂ ਜ਼ਮੀਨਾਂ ਬਚਾਉਣ ਲਈ ਦਿੱਲੀ ਵਿਖੇ ਅਪਣਾ ਰੋਸ ਜ਼ਾਹਿਰ ਕਰਨ ਲਈ ਗਏ ਸਨ। ਉਨ੍ਹਾਂ ਕਿਸਾਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣਾ ਸੀ। ਇਸ ਦੌਰਾਨ ਦੀਪ ਸਿੱਧੂ ਦੀ ਭੂਮਿਕਾ ’ਤੇ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਦੀਪ ਸਿੱਧੂ ਕੁੱਝ ਦਿਨ ਪਹਿਲਾਂ ਕਿਸਾਨੀ ਅੰਦੋਲਨ ਵਾਲੀ ਥਾਂ ਨੂੰ ਸਭ ਤੋਂ ਸੁਰੱਖਿਅਤ ਦੱਸ ਰਿਹਾ ਸੀ ਅਤੇ ਲੋਕਾਂ ਨੂੰ ਇੱਥੇ ਆਉਣ ਦੀ ਅਪੀਲ ਕਰ ਰਿਹਾ ਸੀ, ਉਹੀ ਦੀਪ ਸਿੱਧੂ ਲਾਲ ਕਿਲ੍ਹੇ ’ਤੇ ਹੋਈ ਕਾਰਵਾਈ ਮਗਰੋਂ ਇੰਝ ਜਾਨ ਬਚਾ ਕੇ ਭੱਜਿਆ ਜਿਵੇਂ ਉਸ ਨੇ ਕਿਸਾਨਾਂ ਵਿਰੁੱਧ ਕੋਈ ਬਜ਼ਰ ਗੁਨਾਹ ਕਰ ਦਿੱਤਾ ਹੋਵੇ।

ਜੇਕਰ ਉਸ ਨੂੰ ਪਤਾ ਸੀ ਕਿ ਲਾਲ ਕਿਲ੍ਹੇ ’ਤੇ ਕੀਤੀ ਗਈ ਕਾਰਵਾਈ ਨਾਲ ਲੱਖਾਂ ਕਿਸਾਨ ਨਾਰਾਜ਼ ਹੋਣਗੇ ਤਾਂ ਫਿਰ ਉਸ ਨੇ ਕਿਉਂ ਅਜਿਹੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਅਤੇ ਕਿਉਂ ਉਹ ਫਰਾਰ ਹੋਇਆ ਅਤੇ ਕਿਉਂ ਉਸ ਨੂੰ ਕਿਸਾਨਾਂ ਨੇ ਗਾਲ਼ਾਂ ਕੱਢੀਆਂ?

ਇਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੀਪ ਸਿੱਧੂ ਬੜੀ ਚਲਾਕੀ ਨਾਲ ਅੱਡੀਆਂ ਨੂੰ ਥੁੱਕ ਲਗਾ ਕੇ ਕਿਸਾਨਾਂ ਕੋਲੋਂ ਫਰਾਰ ਹੋ ਗਿਆ। ਵੀਡੀਓ ਵਿਚ ਦੀਪ ਸਿੱਧੂ ਨੂੰ ਮੋਟਰਸਾਈਕਲ ’ਤੇ ਫ਼ਰਾਰ ਹੁੰਦਾ ਦਿਖਾਈ ਦੇ ਰਿਹਾ ਅਤੇ ਕਿਸਾਨ ਉਸ ਨੂੰ ਗਾਲਾਂ ਕੱਢਦੇ ਹੋਏ ਦਿਖਾਈ ਦੇ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਅੰਦੋਲਨ ਸਹੀ ਤਰੀਕੇ ਨਾਲ ਯਾਨੀ ਬਿਨਾਂ ਕਿਸੇ ਹਿੰਸਾ ਦੇ ਸਫ਼ਲ ਹੋ ਜਾਂਦਾ ਤਾਂ ਇਹ ਪੰਜਾਬੀਆਂ ਖ਼ਾਸ ਕਰ ਸਿੱਖਾਂ ਦੀ ਸਭ ਤੋਂ ਵੱਡੀ ਜਿੱਤ ਹੋਣੀ ਸੀ ਪਰ ਦੀਪ ਸਿੱਧੂ ਦੀ ਇਸ ਕਾਰਵਾਈ ਨੇ ਜਿੱਥੇ ਕਿਸਾਨੀ ਅੰਦੋਲਨ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਉਸ ਨੇ ਸਿੱਖਾਂ ਨੂੰ ਬਦਨਾਮ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ।