ਪੀਐਨਬੀ ਘਪਲਾ : ਈਡੀ ਦੀ ਵੱਡੀ ਕਾਰਵਾਈ, ਮੇਹੁਲ ਚੌਕਸੀ ਦੀ ਕਰੋੜਾਂ ਦੀ ਫੈਕਟਰੀ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਮਨੀ ਲਾਡਰਿੰਗ ਐਕਟ 2002 ਅਧੀਨ ਥਾਈਲੈਂਡ ਵਿਖੇ 13.14 ਕਰੋੜ ਰੁਪਏ ਦੀ ਕੀਮਤ ਦੇ ਕਾਰਖਾਨੇ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ।

Enforcement Directorate

ਨਵੀਂ ਦਿੱਲੀ  : ਪੰਜਾਬ ਨੈਸ਼ਨਲ ਬੈਂਕ ਦੇ ਲਗਭਗ ਸਾਢੇ 13 ਹਜ਼ਾਰ ਕਰੋੜ ਦੇ ਘਪਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਗੌੜੇ ਮੇਹੁਲ ਚੌਕਸੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਵਿਦੇਸ਼ ਵਿਚ ਚੌਕਸੀ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਖ਼ਬਰਾਂ ਮੁਤਾਬਕ ਈਡੀ ਨੇ ਮਨੀ ਲਾਡਰਿੰਗ ਐਕਟ 2002 ਅਧੀਨ ਥਾਈਲੈਂਡ ਵਿਖੇ 13.14 ਕਰੋੜ ਰੁਪਏ ਦੀ ਕੀਮਤ ਦੇ ਕਾਰਖਾਨੇ ਨੂੰ ਅਸਥਾਈ ਤੌਰ 'ਤੇ ਜ਼ਬਤ ਕਰ ਲਿਆ ਹੈ। ਇਹ ਕਾਰਖਾਨਾ ਐਬੀਕ੍ਰੇਸਟ ਥਾਈਲੈਂਡ ਲਿਮਿਟੇਡ ਦੀ ਮਲਕੀਅਤ ਵਾਲਾ ਹੈ,

ਜੋ ਕਿ ਗੀਤਾਂਜਲੀ ਸਮੂਹ ਦੀ ਇਕ ਕੰਪਨੀ ਹੈ। ਦੱਸ ਦਈਏ ਕਿ ਮੇਹੁਲ ਚੌਕਸੀ ਗੀਤਾਂਜਲੀ ਸਮੂਹ ਦਾ ਮਾਲਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਅਪਰਾਧੀਆਂ ਜਿਵੇਂ ਕਿ ਵਿਜੇ ਮਾਲੀਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਜਿਹੇ ਭਗੌੜਿਆਂ ਤੋਂ ਰਕਮ ਵਸੂਲਣ ਦੀ ਗੱਲ ਕੀਤੀ ਸੀ। ਭਗੌੜਿਆਂ ਨਾਲ ਜੁੜੇ ਸਵਾਲ 'ਤੇ ਪੀਐਮ ਮੋਦੀ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਉਂ ਭੱਜਣਾ ਪਿਆ? ਅਜਿਹੇ ਭਗੌੜਿਆਂ ਲਈ ਹੀ ਤਾਂ ਸਰਕਾਰ ਨੇ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਬਣਾਇਆ ਹੈ। ਇਹ ਭਗੌੜੇ ਅੱਜ ਨਹੀਂ ਤਾਂ ਕੱਲ ਆਉਣਗੇ ਅਤੇ ਇਹਨਾਂ ਤੋਂ ਭਾਰਤ ਦੀ ਕਮਾਈ ਦਾ ਹਰ ਹਿਸਾਬ ਲਿਆ ਜਾਵੇਗਾ।

ਉਥੇ ਹੀ ਭਗੌੜੇ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਵਿਰੁਧ ਜਾਂਚ ਏਜੰਸੀਆਂ ਲਗਾਤਾਰ ਕਾਰਵਾਈ ਵਿਚ ਲਗੀਆਂ ਹੋਈਆਂ ਹਨ। ਪਿਛਲੇ ਸਾਲ ਦਸੰਬਰ ਵਿਚ ਸੀਬੀਆਈ ਨੇ ਚੌਕਸੀ ਵਿਰੁਧ ਇੰਟਰਪੋਲ ਦੇ ਰੇਡ ਕਾਰਨਰ ਨੋਟਿਸ ਜਾਰੀ ਕਰਨ ਲਈ ਬੇਨਤੀ ਕੀਤੀ ਸੀ। ਉਥੇ ਹੀ ਚੌਕਸੀ ਨੇ ਅਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਭਾਰਤ ਨਾ ਆਉਣ ਦੀ ਮਜ਼ਬੂਰੀ ਦੱਸੀ ਸੀ। ਮੁੰਬਈ ਦੀ ਇਕ ਅਦਾਲਤ ਨੂੰ ਚੌਕਸੀ ਨੇ ਦੱਸਿਆ ਸੀ ਕਿ

ਸਿਹਤ ਖਰਾਬ ਹੋਣ ਕਾਰਨ ਉਹ ਐਂਟੀਗੁਆ ਤੋਂ ਭਾਰਤ ਆਉਣ ਲਈ 41 ਘੰਟੇ ਦਾ ਸਫਰ ਨਹੀਂ ਕਰ ਸਕਦਾ ਹੈ। ਚੌਕਸੀ ਨੇ ਈਡੀ 'ਤੇ ਉਸ ਦੀ ਸਿਹਤ ਨੂੰ ਲੈ ਕੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਚੌਕਸੀ ਨੇ ਕਿਹਾ ਸੀ ਕਿ ਉਹ ਬੈਂਕਾਂ ਦੇ ਸੰਪਰਕ ਵਿਚ ਹਨ ਅਤੇ ਅਪਣਾ ਬਕਾਇਆ  ਵਾਪਸ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਪੀਐਨਬੀ ਘਪਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੇਹੁਲ ਚੌਕਸੀ 4 ਜਨਵਰੀ 2018 ਨੂੰ ਦੇਸ਼ ਛੱਡ ਕੇ ਭੱਜ ਗਿਆ ਸੀ।