ਘੋੜੀ ਚੜ੍ਹਣ ਤੋਂ ਪਹਿਲਾਂ ਹੀ ਫ਼ਰਾਰ ਹੋਏ 'ਦੁੱਲੇ ਰਾਜਾ', ਹੋਰ ਘਰ ਵਜਾਉਣਾ ਪਿਆ 'ਵਿਆਹ ਵਾਲਾ ਵਾਜਾ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੇਵ ਦਾ ਬਹਾਨਾ ਬਣਾ ਕੇ ਫ਼ਰਾਰ ਹੋਇਆ ਲਾੜਾ

file photo

ਕੁਰੂਕਸ਼ੇਤਰ: ਵਿਆਹ ਵਾਲਾ ਲੱਡੂ ਹਰ ਕੋਈ ਖਾਣਾ ਚਾਹੁੰਦਾ ਹੈ ਪਰ ਜੇਕਰ ਕਿਸੇ ਤੇ ਮੂਹਰੇ ਪਲੇਟ ਵਿਚ ਸਜਾਇਆ ਲੱਡੂ ਅਚਾਨਕ ਗਾਇਬ ਹੋ ਜਾਵੇ ਤਾਂ ਉਸ ਦੇ ਦਿਲ 'ਤੇ ਕੀ ਬੀਤਦੀ ਹੈ, ਇਹ ਦਾ ਅੰਦਾਜ਼ਾ ਅਜਿਹੇ ਮੌਕੇ ਨੂੰ ਪਿੰਡੇ ਹੰਢਾਉਣ ਵਾਲਾ ਹੀ ਲਾ ਸਕਦਾ ਹੈ।

ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਆਹ ਦੀਆਂ ਰਸਮਾਂ ਵਿਚ ਰੁੱਝੇ ਦੋਵੇਂ ਪਰਵਾਰਾਂ ਨੂੰ ਅਚਾਨਕ ਲਾੜੇ ਦੇ ਫ਼ਰਾਰ ਹੋਣ ਦੀ ਸੂਚਨਾ ਮਿਲੀ। ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਵਿਖੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਇਸੇ ਦੌਰਾਨ ਵਿਆਹ ਵਾਲਾ ਮੁੰਡਾ ਘੋੜੀ ਚੜਣ ਤੋਂ ਦੋ ਘੰਟੇ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਨੂੰ ਲੈ ਕੇ ਸਦਮੇ ਵਿਚ ਪਹੁੰਚੇ ਦੋਵੇਂ ਪਰਵਾਰਾਂ ਲਈ ਵਿਚੋਲੇ ਨੇ ਮੁੜ ਆਸ ਦੀ ਕਿਰਨ ਜਗਾਈ। ਵਿਚੌਲੇ ਨੇ ਦੋ ਘੰਟੇ ਵਿਚ ਹੀ ਇਕ ਦੂਸਰਾ ਲੜਕਾ ਲੱਭ ਕੇ ਵਿਆਹ ਦੀਆਂ ਰਸਮਾਂ ਸੰਪੂਰਨ ਕਰਵਾ ਦਿਤੀਆਂ। ਸੂਤਰਾਂ ਅਨੁਸਾਰ ਹਰਿਆਣਾ ਵਾਸੀ ਨੌਜਵਾਨ ਦਾ ਵਿਆਹ ਯੂਪੀ ਵਿਖੇ ਤੈਅ ਹੋਇਆ ਸੀ। ਮੰਗਣੀ ਤੋਂ ਅਗਲੇ ਦਿਨ 25 ਫ਼ਰਵਰੀ ਦੀ ਸਵੇਰ ਵੇਲੇ ਪੂਰਾ ਪਰਵਾਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਾ ਹੋਇਆ ਸੀ।

ਇਸੇ ਦੌਰਾਨ ਲਾੜਾ ਸ਼ੇਵ ਕਰਵਾਉਣਾ ਦਾ ਬਹਾਨਾ ਬਣਾ ਕੇ ਘਰੋਂ ਬਾਹਰ ਗਿਆ ਪਰ ਵਾਪਸ ਨਹੀਂ ਪਰਤਿਆ। ਦੋ ਤਿੰਨ ਘੰਟਿਆਂ ਦੀ ਉਡੀਕ ਬਾਅਦ ਵੀ ਜਦੋਂ ਲਾੜਾ ਘਰ ਨਾ ਪਰਤਿਆ ਤਾਂ ਪਰਵਾਰ ਨੇ ਫ਼ੋਨ 'ਤੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਸਵਿੱਚ ਆਫ਼ ਆ ਰਿਹਾ ਸੀ।

ਪਰਵਾਰ ਨੇ ਅਪਣੇ ਤੌਰ 'ਤੇ ਲਾੜੇ ਦੀ ਭਾਲ ਲਈ ਭੱਜ-ਨੱਠ ਕਰਨੀ ਸ਼ੁਰੂ ਕਰ ਦਿਤੀ। ਇਸੇ ਦੌਰਾਨ ਲਾੜੇ ਨੇ ਰੋਹਤਕ ਪਹੁੰਚ ਕੇ ਅਪਣੇ ਦੋਸਤ ਅੱਗੇ ਵਿਆਹ ਕਰਵਾਉਣ ਦੀ ਅਪਣੀ ਮਨਸ਼ਾ ਜ਼ਾਹਰ ਕੀਤੀ। ਉਸ ਦੇ ਦੋਸਤ ਨੇ ਲਾੜੇ ਦੇ ਪਿਤਾ ਨੂੰ ਇਸ ਸਬੰਧੀ ਸੂਚਿਤ ਕੀਤਾ। ਇਸ ਤੋਂ ਬਾਅਦ ਪੂਰਾ ਪਰਵਾਰ ਪ੍ਰੇਸ਼ਾਨ ਹੋ ਗਿਆ।

ਦੂਜੇ ਪਾਸੇ ਬਰਾਤ ਨਾ ਪਹੁੰਚਣ 'ਤੇ ਵਿਆਹੁਤਾ ਲੜਕੀ ਦੇ ਪਰਵਾਰ ਵਾਲਿਆਂ ਨੇ ਲੜਕੇ ਪਰਵਾਰ ਨਾਲ ਸੰਪਰਕ ਕੀਤਾ ਤਾਂ ਪਰਵਾਰ ਨੇ ਲੜਕੇ ਦੇ ਭੱਜ ਜਾਣ 'ਤੇ ਬਰਾਤ ਲੈ ਕੇ ਆਉਣ ਤੋਂ ਅਸਮਰਥਾ ਪ੍ਰਗਟਾਈ। ਦੋਵੇਂ ਪਰਵਾਰ ਭਾਰੀ ਸਦਮੇ ਹੇਠ ਸਨ। ਇਸ ਦੌਰਾਨ ਮੌਕਾ ਸੰਭਾਲਦੇ ਹੋਏ ਵਿਚੋਲੇ ਨੇ ਵਿਚ ਪੈ ਕੇ ਇਕ ਹੋਰ ਲੜਕਾ ਲੱਭ ਲਿਆ, ਜਿਸ ਨਾਲ ਦੋਵਾਂ ਪਰਵਾਰਾਂ ਦੀ ਸਹਿਮਤੀ ਨਾਲ ਲੜਕੀ ਦਾ ਵਿਆਹ ਕਰ ਦਿਤਾ ਗਿਆ।