ਸਵੇਰੇ-ਸਵੇਰੇ ਹਾਈ ਕਮਾਨ ਕੋਲ ਸਿੱਧੂ ਨੇ ਮਾਰੀ Entry, ਦੇਖਦਾ ਰਹਿ ਗਿਆ ਪੂਰਾ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਨੂੰ ਕਾਂਗਰਸ ਹਾਈ ਕਮਾਨ ਨੇ ਕੀਤਾ ਸੀ ਤਲਬ-ਨਵਜੋਤ ਸਿੱਧੂ

Photo

ਨਵੀਂ ਦਿੱਲੀ: ਪਿਛਲੇ ਕਾਫ਼ੀ ਸਮੇਂ ਤੋਂ ਚੁੱਪ ਬੈਠੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਦਸ ਜਨਪਥ ਵਿਖੇ ਮੁਲਾਕਾਤ ਕੀਤੀ। ਇਹ ਮੁਲਾਕਾਤ 26 ਜਨਵਰੀ ਨੂੰ ਹੋਈ ਸੀ। ਇਸ ਦੌਰਾਨ ਉੱਥੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ।

ਨਵਜੋਤ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਹਨਾਂ ਨੇ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਦੇ ਤਾਜ਼ਾ ਹਲਾਤਾਂ ਤੋਂ ਜਾਣੂ ਕਰਵਾਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈ ਕਮਾਨ ਨੇ ਤਲਬ ਕੀਤਾ ਸੀ। ਇਹ ਮੁਲਾਕਾਤ ਕਰੀਬ ਇਕ ਘੰਟੇ ਤੱਕ ਚੱਲੀ ਸੀ। 

ਸਿੱਧੂ ਨੇ ਸੋਨੀਆ ਗਾਂਧੀ ਤੋਂ ਪਹਿਲਾਂ 25 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸਿੱਧੂ ਨੇ ਕਿਹਾ ਕਿ 'ਦੋਵੇਂ ਮੁਲਾਕਾਤਾਂ ਵਿਚ ਹਾਈ ਕਮਾਂਡ ਨੇ ਉਹਨਾਂ ਦੇ ਵਿਚਾਰਾਂ ਨੂੰ ਬਹੁਤ ਠਰੰਮੇ ਅਤੇ ਗੌਰ ਨਾਲ ਸੁਣਿਆ। ਪੰਜਾਬ ਨੂੰ ਇਸ ਦੀ ਗੁਆਚੀ ਖੁਸ਼ਹਾਲੀ ਦਿਵਾਉਣ ਖ਼ਾਤਰ ਇਸ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਆਪਣੇ ਰੋਡ-ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ-ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ'।

ਦੱਸ ਦਈਏ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਚੁੱਪ ਸਨ। ਉਹਨਾਂ ਨੇ ਕਿਸੇ ਵੀ ਮੁੱਦੇ ‘ਤੇ ਅਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਨਾ ਹੀ ਉਹ ਕਿਸੇ ਸਿਆਸੀ ਬਹਿਸ ਦਾ ਹਿੱਸਾ ਬਣੇ ਸਨ। ਪਰ ਹੁਣ ਸਿੱਧੂ ਦੀ ਵਾਪਸੀ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਲੰਬੇ ਸਮੇਂ ਤੋਂ ਸਿਆਸੀ ਮੁੱਦਿਆਂ ਤੋਂ ਦੂਰ ਚੱਲ ਰਹੇ ਸਨ। ਇਸ ਦੌਰਾਨ, ਉਹ ਪੰਜਾਬ  ਵਿਧਾਨਸਭਾ ਸਮੇਤ ਕਿਸੇ ਵੀ ਜਨਤਕ ਮੰਚ 'ਤੇ ਨਹੀਂ ਦਿਖੇ । ਜੁਲਾਈ 2019 ਵਿਚ ਆਪਣਾ ਵਿਭਾਗ ਬਦਲਣ ਤੋਂਂ ਬਾਅਦ ਉਹਨਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

 ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਟਾਰ ਪ੍ਰਚਾਰਕ ਬਣਨ ਤੋਂ ਬਾਅਦ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਛੱਡਣ ਬਾਰੇ ਖ਼ਬਰਾਂ ਆਉਣ ਲੱਗ ਗਈਆ ਸਨ। ਪਰ ਸਿੱਧੂ ਦੀ ਸੋਨੀਆ ਗਾਂਧੀ ਨਾਲ ਹੋਈ ਇਸ ਮੁਲਾਕਾਤ ਨੇ ਸਾਰੀਆਂ ਅਫ਼ਵਾਹਾਂ 'ਤੇ ਲਗਾਮ ਲਗਾ ਦਿੱਤੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।