ਤੀਜੇ ਸਿਆਸੀ ਬਦਲ ਪੱਖੀ ਰਾਜਨੀਤੀਵਾਨਾਂ ਨੇ ਨਵਜੋਤ ਸਿੱਧੂ ਤੇ 'ਆਪ' ਵਲ ਨਜ਼ਰਾਂ ਟਿਕਾਈਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਸਿੱਧੂ ਤੇ ਕੇਜਰੀਵਾਲ ਦਰਮਿਆਨ ਪੁੱਲ ਦਾ ਕੰਮ ਕਰਨਗੇ?

Photo

ਅੰਮ੍ਰਿਤਸਰ: ਪੰਜਾਬ ਦੀਆਂ ਰਵਾਇਤੀ ਸਿਆਸੀ ਦਲਾਂ ਵਿਰੁਧ, ਤੀਜੇ ਬਦਲ ਪੱਖੀ ਰਾਜਨੀਤੀਵਾਨਾਂ ਨੇ ਚਰਚਿਤ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਵਲ ਨਜ਼ਰਾਂ ਟਿਕਾਈਆਂ ਹਨ ਕਿ ਦਿੱਲੀ ਚੋਣਾਂ ਤੋਂ ਬਾਅਦ  ਹੁਣ ਇਨ੍ਹਾਂ ਦੀ ਰਣਨੀਤੀ ਕੀ ਹੈ? ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ ਕੇਜਰੀਵਾਲ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਇਕ ਪੁਲ ਵਜੋਂ ਕੰਮ ਕਰਨ ਦੀਆਂ ਚਰਚਾਵਾਂ ਹਨ।

ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਗੁਜਰਾਤ 'ਚ ਨਰਿੰਦਰ ਮੋਦੀ, ਬਿਹਾਰ ਲਈ ਨਿਤੀਸ਼ ਕੁਮਾਰ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਾਂਗਰਸ ਅਤੇ ਦਿੱਲੀ ਚੋਣਾ ਸਮੇਂ ਵੀ ਪ੍ਰਸ਼ਾਂਤ ਕਿਸ਼ੋਰ ਨੇ ਸਰਵੇਖਣ ਕੀਤਾ ਸੀ। ਭਾਜਪਾ ਤੋਂ ਕਾਂਗਰਸ 'ਚ ਆਉਣ ਸਮੇਂ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਹੀ ਭੁਗਤੇ ਸਨ।

ਸਿਆਸੀ ਮਾਹਰਾਂ ਮੁਤਾਬਕ ਕਾਂਗਰਸ ਹਾਈ ਕਮਾਂਡ ਮੱਧ -ਪ੍ਰਦੇਸ਼, ਰਾਜਸਥਾਨ, ਦਿੱਲੀ ਅਤੇ ਪੰਜਾਬ ਦੀ ਫੁੱਟ ਤੋਂ ਜਾਣੂ ਹੈ ਜੋ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਸਟਾਰ ਪ੍ਰਚਾਰਕ ਅਤੇ ਮਜ਼ਬੂਤ ਚਰਿਤਰ ਦੇ ਮਾਲਕ ਨਵਜੋਤ ਸਿੰਘ ਸਿੱਧੂ ਨੂੰ ਗਵਾਉਣਾ ਨਹੀਂ ਚਾਹੁੰਦੀ। ਪਰ 6 ਮਹੀਨੇ ਤੋਂ ਘਰ ਬੈਠ ਕੇ ਸਿਆਸੀ ਰਣਨੀਤੀ ਤਿਆਰ ਕਰ ਰਹੇ ਨਵਜੋਤ ਸਿੰਘ ਸਿੱਧੂ ਦਾ ਲੰਮਾ ਸਮਾਂ ਇਸ ਤਰ੍ਹਾਂ ਗੁਜ਼ਾਰਨਾ ਵੀ ਮੁਸ਼ਕਲਾਂ ਭਰਿਆ ਸਾਬਤ ਹੋ ਸਕਦਾ ਹੈ ਜਿਸ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੈ।

ਚਰਚਾ ਮੁਤਾਬਕ ਖ਼ੁਦ ਕੇਜਰੀਵਾਲ ਵੀ ਨਵਜੋਤ ਸਿੰਘ ਸਿੱਧੂ ਦੀ ਸ਼ਖ਼ਸੀਅਤ ਤੋਂ ਭੈਅ ਰਖਦਾ ਹੈ ਕਿ ਉਹ ਉਸ ਦੀ ਪਾਰਟੀ ਨੂੰ ਕਿਤੇ ਨਿਗਲ ਹੀ ਨਾ ਜਾਵੇ ਪਰ ਸਿੱਧੂ ਨੂੰ ਜਾਣਨ ਵਾਲੇ ਦਸਦੇ ਹਨ ਕਿ ਉਹ ਵਾਅਦੇ ਅਤੇ ਜ਼ੁਬਾਨ ਦਾ ਪੱਕਾ ਹੈ ਤੇ ਬਹੁ-ਗਿਣਤੀ ਲੋਕਾਂ ਵਿਚ ਉਸ ਦੀ ਪਕੜ ਹੈ ਜੋ ਅਪਣੀ ਹੱਦ ਵਿਚ ਰਹਿ ਕੇ ਕੰਮ ਕਰਦਾ ਹੈ।

ਸਿਆਸੀ ਹਲਕਿਆਂ ਅਨੁਸਾਰ ਜੇ ਕਰ ਕੇਜਰੀਵਾਲ ਤੇ ਸਿੱਧੂ ਦਰਮਿਆਨ ਸਮਝੌਤਾ ਹੋ ਗਿਆ ਤਾਂ ਪੰਜਾਬ ਵਿਚ ਰਿਵਾਇਤੀ ਪਾਰਟੀਆਂ ਦੀ ਥਾਂ ਤੀਸਰੇ ਬਦਲ ਵਜੋਂ ਆਮ ਆਦਮੀਂ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਬਣੇਗੀ ਜਿਸ ਵੱਲ ਪੰਜਾਬੀ ਤੇ ਸਿੱਖ-ਕੌਮ ਲੰਬੇ  ਸਮੇਂ ਤੋਂ ਉਡੀਕ ਕਰ ਰਹੀ  ਹੈ। ਅਜਿਹੀ ਸਥਿਤੀ ਚ ਪੰਥਕ ਪਾਰਟੀਆਂ ਵੀ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਸਕਦੀਆਂ ਹਨ।

ਸਿੱਖਾਂ ਵਿਚ ਸਿੱਧੂ ਦੀ ਮਜਬੂਤ ਪਕੜ ਹੈ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਕਰੀਬ 70 ਸਾਲ ਤੋਂ ਪਰਖ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਨੂੰ ਰਵਾਇਤੀ ਪਾਰਟੀਆਂ  ਚ ਕੰਮ ਕਰਨ ਦਾ ਤਜਰਬਾ ਵੀ ਹੋ ਗਿਆ ਹੈ। ਇਨਾ ਦੇ ਉਚ ਨੇਤਾਵਾਂ ਦੀਆਂ ਰਾਜਨੀਤਕ ਗੁੰਝਲਾਂ ਦਾ ਪਤਾ ਸਿੱਧੂ ਨੂੰ ਵੀ ਲਗ ਗਿਆ ਹੈ। ਆਪ ਦਾ ਇਕ ਨੇਤਾ ਹੀ ਅੰਦਰੋਂ ਸਿੱਧੂ ਦੀ ਵਿਰੋਧਤਾ ਕਰ ਰਿਹਾ ਹੈ।ਪਰ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਇਕ ਟੀਮ ਦੀ ਲੋੜ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।