ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਝਟਕਾ, ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 91 ਰੁਪਏ ਲੀਟਰ ਤੋਂ ਪਾਰ ਚਲਾ ਗਿਆ ਹੈ।

Petrol, Diesel Prices

ਨਵੀਂ ਦਿੱਲੀ: ਦੇਸ਼ ਵਿਚ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਅੱਜ ਤਿੰਨ ਦਿਨ ਦੀ ਰਾਹਤ ਤੋਂ ਬਾਅਦ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 91 ਰੁਪਏ ਲੀਟਰ ਤੋਂ ਪਾਰ ਚਲਾ ਗਿਆ ਹੈ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਦਿੱਲੀ ਵਿਚ ਪੈਟਰੋਲ ਦੀ ਕੀਮਤ 91.17 ਰੁਪਏ ਪ੍ਰਤੀ ਲੀਟਰ ਹੋ ਗਈ ਜੋ ਕਿ ਸ਼ੁੱਕਰਵਾਰ ਨੂੰ 90.93 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ 81.47 ਰੁਪਏ ਲੀਟਰ ਹੋ ਗਿਆ ਹੈ, ਜੋ ਕਿ ਸ਼ੁੱਕਰਵਾਰ ਨੂੰ 81.32 ਰੁਪਏ ਪ੍ਰਤੀ ਲੀਟਰ ਸੀ। ਹੋਰ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਮੁੰਬਈ ਵਿਚ ਪੈਟਰੋਲ 97.57 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਉੱਥੇ ਹੀ ਡੀਜ਼ਲ 88.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਦੇਸ਼ ਦੇ ਵੱਡੇ ਸ਼ਹਿਰਾਂ ਵਿਚੋਂ ਸਭ ਤੋਂ ਮਹਿੰਗਾ ਪੈਟਰੋਲ ਮੁੰਬਈ ਵਿਚ ਵਿਕ ਰਿਹਾ ਹੈ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 91.35 ਰੁਪਏ ਲੀਟਰ ਪਹੁੰਚ ਗਈ ਹੈ, ਜੋ ਕਿ ਸ਼ੁੱਕਰਵਾਰ ਨੂੰ 91.12 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤ 84.20 ਤੋਂ ਵਧ ਕੇ ਸ਼ਨੀਵਾਰ ਨੂੰ 84.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 93 ਰੁਪਏ ਤੋਂ ਪਾਰ 93.11 ਰੁਪਏ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 86.45 ਰੁਪਏ ਪ੍ਰਤੀ ਲੀਟਰ ਹੈ।

ਜ਼ਿਕਰਯੋਗ ਹੈ ਕਿ ਅੱਜ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਿਚ 14ਵੀਂ ਵਾਰ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਹਾਲ ਹੀ ਵਿਚ ਬਿਆਨ ਦਿੱਤਾ ਸੀ ਕਿ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ ਵਿਚ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ।