ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਬਣਾਇਆ ‘ਜ਼ਿਮੀਂਦਾਰਾ ਮਹਿਲ’ ਜਾਣੋ ਇਸਦੀ ਖ਼ਾਸੀਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਦੇ ਤਿੰਨ ਬਿਲਾਂ ਵਿਰੁੱਧ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ...

Kissan

ਨਵੀਂ ਦਿੱਲੀ (ਸੈਸ਼ਵ ਨਾਗਰਾ): ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਦੇ ਤਿੰਨ ਬਿਲਾਂ ਵਿਰੁੱਧ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਲਗਪਗ 3 ਮਹੀਨਿਆਂ ਤੋਂ ਕੀਤਾ ਜਾ ਰਿਹਾ ਹੈ, ਅਤੇ ਅੱਤ ਦੀ ਠੰਡ, ਧੁੰਦ ਅਤੇ ਬਾਰਿਸ਼ਾਂ ਵਿਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਰਹੇ ਹਨ।

ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਇਸਨੂੰ ਲੈ ਕੇ ਕਿਸਾਨਾਂ ਵੱਲੋਂ ਸਿੰਘੂ ਬਾਰਡਰ ‘ਤੇ ਗਰਮੀ ਦੇ ਮੌਸਮ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ’ਤੇ ਇਕ “ਜ਼ਿਮੀਂਦਾਰਾਂ ਦਾ ਮਹਿਲ” ਬਣਾਇਆ ਗਿਆ ਹੈ, ਇਸ ਵਿਚ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਹੈ। ਇਹ ਮਹਿਲ ਕਿਸੇ ਆਲੀਸ਼ਾਨ ਬੰਗਲਾ ਜਾਂ ਕਿਸੇ ਕੋਠੀ ਤੋਂ ਘੱਟ ਨਹੀਂ ਹੈ, ਇਸ ਵਿਚ ਅੰਦਰ ਜਾ ਕੇ ਇੰਝ ਲਗਦਾ ਹੈ ਕਿ ਜਿਵੇਂ ਏ.ਸੀ ਲੱਗਿਆ ਹੋਵੇ ਪਰ ਫਿਲਹਾਲ ਇਸ ਵਿਚ ਹਾਲੇ ਤੱਕ ਕੋਈ ਵੀ ਏਸੀ ਨਹੀਂ ਲਗਾਇਆ ਗਿਆ।

ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੈਸ਼ਵ ਨਾਗਰਾ ਨੇ ਕਿਸਾਨਾਂ ਨਾਲ ‘ਕਿਸਾਨ ਮਹਿਲ’ ਬਾਰੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ। ਕਿਸਾਨਾਂ ਨੇ ਕਿਹਾ ਕਿ ਅਸੀਂ ਪਿੰਡ ਕੁੱਕੜ ਜਿਲ੍ਹਾ ਜਲੰਧਰ ਤੋਂ ਆਏ ਹਾਂ, ਅਸੀਂ ਇੱਥੇ ਅੰਦੋਲਨ ਦੀ ਸ਼ੁਰੂਆਤ ਸਮੇਂ ਤੋਂ ਚਾਹ ਅਤੇ ਕੌਫ਼ੀ ਦਾ ਲੰਗਰ ਲਗਾਤਾਰ ਚਲਾ ਰਹੇ ਹਾਂ।

ਇਹ ਲੰਗਰ ਪਿੰਡ ਮਾਹਲਪੁਰ ਜਿਲ੍ਹਾ ਹੁਸ਼ਿਆਰਪੁਰ ਅਤੇ ਪਿੰਡ ਕੁੱਕੜ ਜਿਲ੍ਹਾ ਜਲੰਧਰ ਦੀ ਸੰਗਤ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਵੇਰੇ 5 ਵਜੇ ਤੋਂ ਕੌਫ਼ੀ ਦਾ ਲੰਗਰ ਸ਼ੁਰੂ ਕਰਦੇ ਹਾਂ ਤੇ ਰਾਤ ਨੂੰ ਇਹ ਲੰਗਰ 10 ਵਜੇ ਤੱਕ ਚਲਦਾ ਰਹਿੰਦਾ ਹੈ। ਕਿਸਾਨਾਂ ਨੇ ਕਿਹਾ ਕਿ ਸਾਡੇ ਸੇਵਾਦਾਰ ਬਹੁਤ ਵਧੀਆ ਸੇਵਾ ਕਰ ਰਹੇ ਹਨ, ਚਾਹੇ ਕੋਈ ਰਾਤ ਨੂੰ 11 ਵਜੇ ਜਾਂ 12 ਵਜੇ ਆ ਜਾਵੇ ਤਾਂ ਸਾਡੇ ਸੇਵਾਦਾਰ ਤੁਰੰਤ ਉਨ੍ਹਾਂ ਨੂੰ ਲੰਗਰ ਛਕਾਉਂਦੇ ਹਨ।

ਕਿਸਾਨਾਂ ਨੇ ਜ਼ਿਮੀਂਦਾਰਾ ਮਹਿਲ ਵਿਚ ਗਰਮੀ ਮਹਿਸੂਸ ਨਾ ਹੋਣ ਬਾਰੇ ਦੱਸਿਆ ਕਿ ਇਸ ਵਿਚ ਤਾਪਮਾਨ ਦੇ ਹਿਸਾਬ ਤਰਪਾਲ ਲਗਾਈ ਹੋਈ ਹੈ ਅਤੇ ਉਸਤੋਂ ਹੇਠ ਵਟਰਪਰੂਫ਼ ਤਰਪਾਲ ਲਗਾਈ ਹੋਈ ਹੈ, ਸਾਇਡਾਂ ‘ਤੇ ਚਾਰੇ ਪਾਸੇ ਪੰਜ ਫੁੱਟ ਉਚਾਈ ਤੱਕ ਜਾਲੀ ਲਗਾਈ ਹੋਈ ਹੈ, ਅੰਦਰ ਚਾਰੇ ਪਾਸੇ ਪਰਦੇ ਲਗਾਏ ਹੋਏ ਹਨ, ਬੈਠਣ ਜਾਂ ਸੌਣ ਲਈ ਹੇਠ ਗੱਦੇ ਵਿਛਾਏ ਹੋਏ ਹਨ, ਛੱਤ ‘ਤੇ ਪੱਖੇ ਲਗਾਏ ਹੋਏ ਹਨ, ਮੱਖੀ-ਮੱਛਰ ਦੇ ਨਾ ਆਉਣ ਲਈ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ, ਤਾਪਮਾਨ ਦੇ ਵਧਣ ਨਾਲ-ਨਾਲ ਅਸੀਂ ਏ.ਸੀ ਵੀ ਜਰੂਰ ਲਗਾਵਾਂਗੇ ਪਰ ਹਾਲੇ ਤੱਕ ਅੰਦਰ ਪੱਖੇ ਹੀ ਲਗਾਏ ਗਏ ਹਨ।

ਕਿਸਾਨਾਂ ਨੇ ਕਿਹਾ ਕਿ ਅਸੀਂ ਕਿਸਾਨੀਂ ਸੰਘਰਸ਼ ਵਿਚ ਸੰਘਰਸ਼ ਕਰ ਰਹੇ ਹਾਂ ਤਾਂ ਕਰਕੇ ਅਸੀਂ ਇਸ ਮਹਿਲ ਦਾ ਨਾਮ ਜ਼ਿਮੀਂਦਾਰਾ ਮਹਿਲ ਰੱਖਿਆ ਹੈ ਕਿਉਂਕਿ ਘਰਾਂ ਵਿਚ ਰਹਿਣ-ਸਹਿਣ ਦਾ ਹੋਰ ਤਰੀਕਾ ਹੁੰਦਾ ਅਤੇ ਸੰਘਰਸ਼ ਵਿਚ ਰਹਿਣ ਦਾ ਕੁਝ ਹੋਰ ਤਰੀਕਾ ਹੁੰਦਾ ਹੈ।