ਅਨੁਰਾਗ ਠਾਕੁਰ ਦਾ ਬਿਆਨ - ਮਨੀਸ਼ ਸਿਸੋਦੀਆ ਮੁਲਜ਼ਮ ਨੰਬਰ ਇਕ ਹੋ ਸਕਦੇ ਹਨ ਪਰ ਕਿੰਗਪਿਨ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨੁਰਾਗ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ 'ਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵੱਖ-ਵੱਖ ਵਿਭਾਗਾਂ 'ਚ ਲੁੱਟ ਮਚੀ ਹੈ

Anurag thakur

 

ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਡਾ ਬਿਆਨ ਦਿੱਤਾ ਹੈ। ਦਿੱਲੀ ਸ਼ਰਾਬ ਘੁਟਾਲੇ 'ਚ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ 'ਤੇ ਨਿਸ਼ਾਨਾ ਸਾਧਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੋਂ ਮੰਤਰੀ ਨੂੰ ਲੁੱਟਣ ਦੀ ਖੁੱਲ੍ਹ ਮਿਲੀ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮਨੀਸ਼ ਸਿਸੋਦੀਆ ਦੋਸ਼ੀ ਨੰਬਰ ਇਕ ਹੋ ਸਕਦੇ ਹਨ, ਪਰ ਕਿੰਗਪਿਨ ਅਰਵਿੰਦ ਕੇਜਰੀਵਾਲ ਹੈ।

ਸੋਮਵਾਰ ਨੂੰ ਧਰਮਸ਼ਾਲਾ 'ਚ ਇਕ ਰੋਜ਼ਾ ਦੌਰੇ 'ਤੇ ਆਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਪ੍ਰਸਤੀ 'ਚ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਵੱਖ-ਵੱਖ ਵਿਭਾਗਾਂ 'ਚ ਲੁੱਟ ਮਚੀ ਹੈ। ਜਿੱਥੇ ਇਹਨਾਂ ਨੂੰ ਮੌਕਾ ਮਿਲਿਆ, ਉੱਥੇ ਹੀ ਕਾਨੂੰਨ ਵਿਵਸਥਾ ਨੂੰ ਵਿਗਾੜ ਦਿੱਤਾ। ਉਹ ਦਿੱਲੀ ਵਿਚ ਕਹਿੰਦੇ ਸਨ, 2 ਦਿਨ ਲਈ ਦਿੱਲੀ ਪੁਲਿਸ ਦੇ ਦਿਓ, ਸਭ ਠੀਕ ਹੋ ਜਾਵੇਗਾ। ਪੰਜਾਬ ਵਿਚ ਪੁਲਿਸ ਹੈ ਤਾਂ ਪੰਜਾਬ ਵਿਚ ਕੀ ਚੱਲ ਰਿਹਾ ਹੈ।  

ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਸ਼ਰਾਬ ਘੁਟਾਲੇ ਵਿਚ ਸ਼ਾਮਲ ਮੰਤਰੀ ਜੇਲ੍ਹ ਗਿਆ ਹੈ। ਸੀਬੀਆਈ ਨੇ ਪੂਰੀ ਜਾਂਚ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਨੂੰ ਵੀ ਜਾਂਚ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦਾ ਜਵਾਬ ਮਨੀਸ਼ ਸਿਸੋਦੀਆ ਨੂੰ ਦੇਣਾ ਹੋਵੇਗਾ, ਅਰਵਿੰਦ ਕੇਜਰੀਵਾਲ ਨੂੰ ਵੀ ਜਵਾਬ ਦੇਣਾ ਹੋਵੇਗਾ ਕਿ ਦਿੱਲੀ 'ਚ ਕਿਸ ਤਰ੍ਹਾਂ ਕਿਹੜੇ ਲੋਕਾਂ ਨਾਲ ਤਾਰ ਜੁੜੇ ਸੀ ਕਿ ਕਰੋੜਾਂ ਰੁਪਏ ਲੁੱਟੇ ਗਏ। ਪੰਜਾਬ ਵਿਚ ਵੀ ਉਹ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਏ ਸਨ।

 

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਵਿਚ ਫਾਸ਼ੀਵਾਦ 'ਤੇ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਚੋਣਾਂ ਤੋਂ ਬਾਅਦ ਹਿੰਦੂਆਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਹ ਮੰਦਭਾਗਾ ਹੈ, ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। ਉਹ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਕਥਿਤ ਤੌਰ 'ਤੇ ਮਿਲੇ ਚੀਨੀ ਚੰਦੇ ਬਾਰੇ ਕਿਉਂ ਨਹੀਂ ਬੋਲ ਰਹੇ ਹਨ।