ਭਾਰਤ ਦੇ ਵੱਡੇ ਆਗੂਆਂ ਦਾ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਵੱਡੇ ਆਗੂਆਂ ਦੇ ਦਿਲ ਹੀ ਨਹੀਂ, ਬਲੱਡ ਗਰੁੱਪ ਵੀ ਨਹੀਂ ਮਿਲਦੇ

Narender Modi And Amit Shah

ਅਲੀਗੜ੍ਹ- ਲੋਕ ਸਭਾ ਚੋਣਾਂ ਦਾ ਮੈਦਾਨ ਹੁਣ ਹੌਲੀ–ਹੌਲੀ ਭਖਦਾ ਜਾ ਰਿਹਾ ਹੈ। ਇਸ ਦੌਰਾਨ ਇੱਕ ਵਿਲੱਖਣ ਵਿਸ਼ਲੇਸ਼ਣ ਤੇ ਮੁਲਾਂਕਣ ਸਾਹਮਣੇ ਆਇਆ ਹੈ ਕਿ ਜਿਵੇਂ ਭਾਰਤ ਦੇ ਪ੍ਰਮੁੱਖ ਆਗੂਆਂ ਦੇ ਦਿਲ ਨਹੀਂ ਮਿਲਦੇ, ਉਵੇਂ ਹੀ ਉਨ੍ਹਾਂ ਦੇ ਬਲੱਡ ਗਰੁੱਪ ਵੀ ਆਪਸ ਵਿਚ ਮੇਲ ਨਹੀਂ ਖਾਂਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਬਸਪਾ ਮੁਖੀ ਮਾਇਆਵਤੀ ਦੇ ਬਲੱਡ ਗਰੁੱਪ ਵੱਖੋ–ਵੱਖਰੇ ਹਨ।

ਸਿਆਸੀ ਪਾਰਟੀਆਂ ਦੇ ਡੀਐੱਨਏ ਬਾਰੇ ਸਭ ਭਲੀਭਾਂਤ ਜਾਣਦੇ ਤੇ ਸਮਝਦੇ ਹਨ ਪਰ ਉਨ੍ਹਾਂ ਦੇ ਆਗੂਆਂ ਦਾ ਸਰੀਰਕ ਡੀਐੱਨਏ ਵੀ ਉਨ੍ਹਾਂ ਦੀ ਪਾਰਟੀ ਦੇ ਰਾਹ ’ਤੇ ਹੀ ਚੱਲਦਾ ਹੈ। ਪੰਜ ਸਾਲਾਂ ਤੋਂ ਆਪਣੇ ਤਿੱਖੇ ਰਵੱਈਏ ਤੇ ਸਾਰੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਉੱਤੇ ਸੱਟ ਮਾਰਦੇ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਲੱਡ ਗਰੁੱਪ ਏ–ਪਾਜ਼ਿਟਿਵ ਹੈ। ਰਾਫ਼ੇਲ ਤੇ ਬੇਰੋਜ਼ਗਾਰੀ ਦੇ ਮੁੱਦੇ ਉੱਤੇ ਸਰਕਾਰ ਨੂੰ ਮਜ਼ਬੂਤੀ ਨਾਲ ਘੇਰਨ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਬਲੱਡ ਗਰੁੱਪ ਬੀ–ਨੈਗੇਟਿਵ ਹੈ।

ਉਨ੍ਹਾਂ ਦੀ ਭੈਣ ਤੇ ਪਾਰਟੀ ਮਾਮਲਿਆਂ ਲਈ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪ੍ਰਿਯੰਕਾ ਗਾਂਧੀ ਵਾਡਰਾ ਦਾ ਬਲੱਡ ਗਰੁੱਪ ਓ–ਨੈਗੇਟਿਵ ਹੈ। ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਦੇਸ਼ ਨੂੰ ਆਪਣੀ ਚੋਣ–ਰਣਨੀਤੀ ਦਾ ਲੋਹਾ ਮੰਨਵਾਉਣ ਵਾਲੇ ਅਮਿਤ ਸ਼ਾਹ ਦਾ ਬਲੱਡ ਗਰੁੱਪ ਏ–ਪਾਜ਼ਿਟਿਵ ਹੈ। ਕੇਂਦਰ ਸਰਕਾਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਲੱਡ ਗਰੁੱਪ ਏ–ਪੌਜ਼ੀਟਿਵ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੂਬੇ ਵਿਚ ਭਾਜਪਾ ਦਾ ਸਾਲ 2014 ਦਾ ਪ੍ਰਦਰਸ਼ਨ ਦੁਹਰਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਯੋਗੀ ਆਦਿੱਤਿਆਨਾਥ ਦਾ ਬਲੱਡ ਗਰੁੱਪ ਏਬੀ–ਪਾਜ਼ਿਟਿਵ ਹੈ।

ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਬਲੱਡ ਗਰੁੱਪ ਏਬੀ–ਪਾਜ਼ਿਟਿਵ ਹੈ। ਉੱਤਰ ਪ੍ਰਦੇਸ਼ ਵਿਚ 25 ਸਾਲਾਂ ਤੋਂ ਚੱਲੀ ਆ ਰਹੀ ਦਿਲਾਂ ਦੀ ਕੜਵਾਹਟ ਤੇ ਦੂਰੀਆਂ ਨੂੰ ਲਾਂਭੇ ਕਰ ਕੇ ਭਾਜਪਾ ਦੇ ਵਿਜੇ–ਰੱਥ ਨੂੰ ਰੋਕਣ ਲਈ ਤਤਪਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਮਾਇਆਵਤੀ ਦੇ ਬਲੱਡ ਗਰੁੱਪ ਇੱਕ ਹੀ ਹਨ। ਦੋਵਾਂ ਦਾ ਬਲੱਡ ਗਰੁੱਪ ਬੀ–ਪਾਜ਼ਿਟਿਵ ਹੈ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ ਬਲੱਡ ਗਰੁੱਪ ਬੀ–ਪਾਜ਼ਿਟਿਵ ਹੀ ਹੈ।