ਜੰਮੂ-ਕਸ਼ਮੀਰ ’ਚੋਂ ਅਫ਼ਸਪਾ ਹਟਾਉਣ ਬਾਰੇ ਅਮਿਤ ਸ਼ਾਹ ਦੇ ਬਿਆਨ ’ਤੇ ਮਹਿਬੂਬਾ ਮੁਫ਼ਤੀ ਨੇ ਕਿਹਾ, ‘ਦੇਰ ਆਏ ਦਰੁਸਤ ਆਏ’

ਏਜੰਸੀ

ਖ਼ਬਰਾਂ, ਰਾਸ਼ਟਰੀ

ਅਫਸਪਾ ਹਟਾਉਣ ਦਾ ਵਾਅਦਾ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਕੀਤਾ ਗਿਆ : ਉਮਰ ਅਬਦੁੱਲਾ 

Amit Shah, Mehboob Mufti, Omar Abdullah

ਸ੍ਰੀਨਗਰ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਜੇ.ਕੇ. ਮੀਡੀਆ ਗਰੁੱਪ ਨੂੰ ਦਿਤੇ ਇਕ ਇੰਟਰਵਿਊ ’ਚ ਕਿਹਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਤੋਂ ਅਫਸਪਾ ਹਟਾਉਣ ’ਤੇ ਵਿਚਾਰ ਕਰੇਗੀ। ਸ਼ਾਹ ਨੇ ਇਹ ਵੀ ਕਿਹਾ ਕਿ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਅਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਜੰਮੂ-ਕਸ਼ਮੀਰ ਪੁਲਿਸ ’ਤੇ ਛੱਡਣ ਦੀ ਯੋਜਨਾ ਬਣਾ ਰਹੀ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਿਆਸਤ ਭਖ ਗਈ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਗ੍ਰਹਿ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ ਹੈ,  ਅਤੇ ਕਿਹਾ ਹੈ ਕਿ ਪਹਿਲੇ ਕਦਮ ਵਜੋਂ ਕੇਂਦਰ ਸਰਕਾਰ ਜੇਲ੍ਹਾਂ ’ਚ ਬੰਦ ਪੱਤਰਕਾਰਾਂ ਅਤੇ ਕਸ਼ਮੀਰੀਆਂ ਨੂੰ ਦੋਸ਼ਮੁਕਤ ਕਰ ਕੇ ਰਿਹਾਅ ਕਰ ਸਕਦੀ ਹੈ। ਮਹਿਬੂਬਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਪੀ.ਡੀ.ਪੀ. ਅਫਸਪਾ ਹਟਾਉਣ ਦੇ ਨਾਲ-ਨਾਲ ਫ਼ੌਜੀਆਂ ਨੂੰ ਹੌਲੀ-ਹੌਲੀ ਹਟਾਉਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਸਾਡੇ ਗੱਠਜੋੜ ਦੇ ਏਜੰਡੇ ਦਾ ਇਕ ਮਹੱਤਵਪੂਰਨ ਹਿੱਸਾ ਸੀ, ਜਿਸ ’ਤੇ ਭਾਜਪਾ ਸਹਿਮਤ ਹੋ ਗਈ। ਕਦੇ ਨਾ ਹੋਣ ਨਾਲੋਂ ਦੇਰ ਕਰਨਾ ਬਿਹਤਰ ਹੈ। ਪਰ ਇਹ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਹਰ ਸਾਲ ਦੋ ਕਰੋੜ ਨੌਕਰੀਆਂ ਦੇਣਾ ਜਾਂ ਬੈਂਕ ਖਾਤਿਆਂ ’ਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਖੋਖਲੇ ਵਾਅਦੇ।’’

ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਅਫਸਪਾ ਨੂੰ ਹਟਾਉਣ ਦਾ ਵਾਅਦਾ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਜਿਸ ਤਰ੍ਹਾਂ ਲੱਦਾਖ ਦੇ ਲੋਕਾਂ ਨਾਲ ਛੇਵੀਂ ਅਨੁਸੂਚੀ ਦਾ ਵਾਅਦਾ ਕਰ ਕੇ ਧੋਖਾ ਕੀਤਾ ਗਿਆ ਹੈ ਉਸੇ ਤਰ੍ਹਾਂ ਇਥੋਂ ਦੇ ਲੋਕਾਂ ਨੂੰ ਵੀ ਠਗਿਆ ਜਾਵੇਗਾ।