ਕਸ਼ਮੀਰ ਨੂੰ ਲੈ ਕੇ ਆਪਸ ਵਿਚ ਭਿੜੇ ਅਤਿਵਾਦੀ, ਲਸ਼ਕਰ ਨੇ ਜੈਸ਼-ਏ-ਮੁਹੰਮਦ ਨੂੰ ਦਿੱਤੀ ਧਮਕੀ
ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ਸਪਾਂਸਰਡ ਅੱਤਵਾਦੀ ਸੰਗਠਨਾਂ ਦਰਮਿਆਨ ਇਕ ਨਵੀਂ ਜੰਗ ਛਿੜ ਗਈ ਹੈ।
ਨਵੀਂ ਦਿੱਲੀ: ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ਸਪਾਂਸਰਡ ਅੱਤਵਾਦੀ ਸੰਗਠਨਾਂ ਦਰਮਿਆਨ ਇਕ ਨਵੀਂ ਜੰਗ ਛਿੜ ਗਈ ਹੈ। ਇਸ ਵਿਚ ਨਵੇਂ ਸੰਗਠਨ ‘ਦਿ ਰੈਜ਼ਿਸਟੈਂਸ ਫਰੰਟ’ (ਟੀਆਰਐਫ) ਜਿਸ ਨੂੰ ਲਸ਼ਕਰ-ਏ-ਤੋਇਬਾ ਦਾ ਫਰੰਟ ਕਿਹਾ ਜਾਂਦਾ ਹੈ, ਅਤੇ ਹਿਜ਼ਬੁਲ ਮੁਜਾਹਿਦੀਨ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਅੱਬਾਸ ਸ਼ੇਖ ਸੰਗਠਨ ਛੱਡ ਕੇ ਟੀਆਰਐਫ ਵਿਚ ਸ਼ਾਮਲ ਹੋ ਗਿਆ ਹੈ।
'ਤਹਿਰੀਕ ਏ ਪੀਪਲਜ਼ ਪਾਰਟੀ' ਨੇ ਸ਼ੁੱਕਰਵਾਰ ਨੂੰ ਇਕ ਪੋਸਟਰ ਜਾਰੀ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਸ ਦੇ ਅਪਰੇਸ਼ਨਲ ਕਮਾਂਡਰ ਅੱਬਾਸ ਨੇ ਹਿਜ਼ਬੁਲ ਮੁਜਾਹਿਦੀਨ ਛੱਡ ਦਿੱਤਾ ਹੈ ਕਿਉਂਕਿ ਉਹ ਕਸ਼ਮੀਰੀ ਪੁਲਿਸ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਮਾਰਨ ਲਈ ਹਿਜ਼ਬੁਲ ਦੀ ਯੋਜਨਾ ਨਾਲ ਅਸਹਿਮਤ ਸੀ।.
ਖ਼ੂਫੀਆ ਸੂਤਰਾਂ ਨੇ ਦੱਸਿਆ ਕਿ ਅੱਬਾਸ ਟੀਆਰਐਫ ਨਾਲ ਜੁੜਨ ਤੋਂ ਬਾਅਦ ਹਿਜ਼ਬੁਲ ਅਤੇ ਸੁਰੱਖਿਆ ਕਰਮਚਾਰੀ ਦੋਵਾਂ ਤੋਂ ਬਚਣ ਲਈ ਅੰਡਰਗ੍ਰਾਊਂਡ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਅੱਬਾਸ ਦੇ 12 ਸਰਗਰਮ ਮੈਂਬਰ ਹੋ ਸਕਦੇ ਹਨ, ਜਦਕਿ ਇਸ ਦੇ ਜ਼ਮੀਨੀ ਪੱਧਰ ਦੇ ਕਰਮਚਾਰੀ (ਓਜੀਡਬਲਯੂ) ਵੀ ਹੋ ਸਕਦੇ ਹਨ, ਹਾਲਾਂਕਿ ਉਨ੍ਹਾਂ ਦੀ ਗਿਣਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।
ਦਿਲਚਸਪ ਗੱਲ ਇਹ ਹੈ ਕਿ ਟੀਆਰਐਫ ਨੇ ਕਾਫੀ ਜਲਦਬਾਜ਼ੀ ਵਿਚ ਸ਼ੁੱਕਰਵਾਰ ਨੂੰ ਅੱਬਾਸ ਦੇ ਦਲਬਦਲ 'ਤੇ ਬਿਆਨ ਜਾਰੀ ਕੀਤਾ। ਅਪਣੇ ਇਸਲਾਮਿਕ ਜਿਹਾਦੀ ਲੋਗੋ ਅਤੇ 'ਜਿੱਤ ਤੱਕ ਵਿਰੋਧ' ਵਾਲੇ ਨਾਅਰੇ ਦੇ ਲੈਟਰ ਹੈੱਡ ਦੇ ਨਾਲ ਜਾਰੀ ਬਿਆਨ ਵਿਚ ਟੀਆਰਐਫ ਨੇ ਕਿਹਾ, 'ਕੁਝ ਦਿਨ ਪਹਿਲਾਂ ਹੀ ਅਸੀਂ ਹਿਜ਼ਬੁਲ ਨੂੰ ਕਸ਼ਮੀਰੀ ਪੁਲਿਸ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਮਾਰਨਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ।
ਕੱਲ ਉਹਨਾਂ ਨੇ ਜੰਮੂ ਅਤੇ ਕਸ਼ਮੀਰ ਦੇ ਇਕ ਪੁਲਿਸ ਕਰਮਚਾਰੀ ਨੂੰ ਸ਼ੋਪੀਆਂ ਦੇ ਵਿਹਿਲ ਤੋਂ ਅਗਵਾ ਕਰ ਲਿਆ ਸੀ'। ਉਹਨਾਂ ਨੇ ਲਿਖਿਆ, 'ਹਿਜ਼ਬੁਲ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੀ ਲੜਾਈ ਇੰਡੀਅਨ ਫੋਰਸ ਨਾਲ ਹੈ ਨਾ ਕਿ ਕਸ਼ਮੀਰੀ ਲੋਕਾਂ ਨਾਲ। ਕਮਾਂਡਰ ਅੱਬਾਸ ਭਾਈ ਹਿਜ਼ਬੁਲ ਛੱਡ ਚੁੱਕੇ ਹਨ ਕਿਉਂਕਿ ਉਹ ਵੀ ਕਸ਼ਮੀਰੀ ਪੁਲਿਸ ਅਤੇ ਨਾਗਰਿਕਾਂ ਨੂੰ ਮਾਰਨ ਦੇ ਖਿਲਾਫ ਸੀ।
ਹੁਣ ਉਹ ਸਾਡੇ ਨਾਲ ਹਨ ਅਤੇ ਜੋ ਵੀ ਸਾਰੇ ਕਸ਼ਮੀਰੀ ਲੋਕਾਂ ਨੂੰ ਨੁਕਸਾਨ ਪਹੁੰਚਾਵੇਗਾ,ਅਸੀਂ ਉਸ ਨਾਲ ਲੜਾਂਗੇ। ਹਿਜ਼ਬੁਲ ਨੂੰ ਆਖਰੀ ਚਿਤਾਵਨੀ, ਸਾਨੂੰ ਸਖਤ ਰੁਖ ਅਪਣਾਉਣ ਲਈ ਮਜਬੂਰ ਨਾ ਕਰੋ। ਇਸ ਤੋਂ ਬਾਅਦ ਚੇਤਾਵਨੀ ਨਹੀਂ, ਸਿੱਧੀ ਕਾਰਵਾਈ ਹੋਵੇਗੀ'।