ਮੌਤ ਦੇ ਅੰਕੜਿਆਂ ’ਤੇ ਮਨੋਹਰ ਲਾਲ ਖੱਟੜ ਦਾ ਅਜੀਬ ਬਿਆਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਇਹ ਸਮਾਂ ਮੌਤ ਦੇ ਅੰਕੜਿਆਂ ’ਤੇ ਧਿਆਨ ਦੇਣ ਦਾ ਨਹੀਂ, ਜਿਸ ਦੀ ਮੌਤ ਹੋ ਗਈ ਹੈ, ਉਹ ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ

Manohar Lal Khattar

ਚੰਡੀਗੜ੍ਹ: ਹਰਿਆਣਾ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਛੁਪਾਏ ਜਾਣ ਸਬੰਧੀ ਦੋਸ਼ਾਂ ’ਤੇ ਬੋਲਦਿਆਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਾਨੂੰ ਮੌਤ ਦੇ ਅੰਕੜਿਆਂ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਿਸ ਦੀ ਮੌਤ ਹੋ ਗਈ ਹੈ, ਉਹ ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਾ ਇਹ ਸੰਕਟ ਚੱਲ ਰਿਹਾ ਹੈ, ਇਸ ਵਿਚ ਸਾਨੂੰ ਅੰਕੜਿਆਂ ਨਾਲ ਨਹੀਂ ਖੇਡਣਾ ਚਾਹੀਦਾ। ਇਸ ਸੰਕਟ ਵਿਚ ਸਾਡਾ ਧਿਆਨ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਲੋਕ ਕਿਵੇਂ ਠੀਕ ਹੋਣਗੇ, ਕਿਵੇਂ ਉਹਨਾਂ ਨੂੰ ਰਾਹਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਮੌਤਾਂ ਜ਼ਿਆਦਾ ਹਨ ਜਾਂ ਘੱਟ ਇਸ ਵਿਵਾਦ ਵਿਚ ਪੈਣ ਦਾ ਕੋਈ ਮਤਲਬ ਨਹੀਂ ਹੈ।

ਮਨੋਹਰ ਲਾਲ ਖੱਟੜ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ਸ਼ਬਦ ਇਕ ਬੇਰਹਿਮ ਸ਼ਾਸਕ ਦੇ ਹੀ ਹੋ ਸਕਦੇ ਹਨ। ਉਹਨਾਂ ਕਿਹਾ, ‘ਹਰ ਮੌਤ, ਜੋ ਸਰਕਾਰ ਦੇ ਨਿਕੰਮੇਪਣ ਦਾ ਨਤੀਜਾ ਹੈ, ’ਤੇ ਸ਼ੋਰ ਮਚਾਉਣ ਦੀ ਲੋੜ ਹੈ ਤਾਂਕਿ ਬੋਲੀ ਭਾਜਪਾ ਸਰਕਾਰ ਦੇ ਕੰਨ ਵਿਚ ਗੂੰਜ ਸੁਣਾਈ ਦੇਵੇ’।