Arvind Kejriwal News: ‘ED ਦੇ 4 ਗਵਾਹ ਭਾਜਪਾ ਨਾਲ ਸਬੰਧਤ’, ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਦਾਖਲ ਕੀਤਾ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਈਡੀ ਦੇ ਇਲਜ਼ਾਮਾਂ 'ਤੇ ਕੇਜਰੀਵਾਲ ਨੇ ਕਿਹਾ ਕਿ ਜਾਂਚ ਏਜੰਸੀ ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ।

Delhi CM Arvind Kejriwal Files Response To ED's Reply In Supreme Court

Arvind Kejriwal News: ਦਿੱਲੀ ਆਬਕਾਰੀ ਨੀਤੀ ਵਿਚ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਜੇਲ ਵਿਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਅਪਣਾ ਜਵਾਬ ਦਾਖ਼ਲ ਕਰ ਦਿਤਾ ਹੈ। ਈਡੀ ਦੇ ਇਲਜ਼ਾਮਾਂ 'ਤੇ ਕੇਜਰੀਵਾਲ ਨੇ ਕਿਹਾ ਕਿ ਜਾਂਚ ਏਜੰਸੀ ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ। ਇਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦਿੱਲੀ ਦੀ ਆਬਕਾਰੀ ਨੀਤੀ ਵਿਚ ਕਥਿਤ ਘੁਟਾਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ। ਕੁੱਝ ਦਿਨ ਪਹਿਲਾਂ ਈਡੀ ਨੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਪਣਾ ਜਵਾਬ ਦਾਖ਼ਲ ਕੀਤਾ ਸੀ। ਹੁਣ ਕੇਜਰੀਵਾਲ ਨੇ ਵੀ ਇਸ ਮਾਮਲੇ ਵਿਚ ਅਦਾਲਤ ਵਿਚ ਅਪਣਾ ਜਵਾਬ ਦਾਇਰ ਕਰ ਦਿਤਾ ਹੈ।

ਕੇਜਰੀਵਾਲ ਨੇ ਅਪਣੇ ਜਵਾਬ ਵਿਚ ਕਿਹਾ ਕਿ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ। ਕੇਜਰੀਵਾਲ ਨੇ ਕਿਹਾ, ''ਭਾਜਪਾ ਸਮਰਥਿਤ ਲੋਕ ਸਭਾ ਉਮੀਦਵਾਰ ਮਗੁੰਟਾ ਸ਼੍ਰੀਨਿਵਾਸਨ ਰੈੱਡੀ, ਅਖੌਤੀ ਸ਼ਰਾਬ ਘੁਟਾਲੇ 'ਚ ਭਾਜਪਾ ਨੂੰ 60 ਕਰੋੜ ਰੁਪਏ ਦਾਨ ਦੇਣ ਵਾਲੇ ਸਰਥ ਰੈੱਡੀ, ਭਾਜਪਾ ਗੋਆ ਦੇ ਸੀਨੀਅਰ ਨੇਤਾ ਅਤੇ ਪ੍ਰਮੋਦ ਸਾਵੰਤ ਦੇ ਕਰੀਬੀ ਸੱਤਿਆ ਵਿਜੇ ਅਤੇ ਗੋਆ ਮੁੱਖ ਮੰਤਰੀ ਦੇ ਕਰੀਬੀ ਅਤੇ ਉਨ੍ਹਾਂ ਦੇ ਪ੍ਰਚਾਰ ਪ੍ਰਬੰਧਕ ਦੇ ਬਿਆਨਾਂ ਦੇ ਆਧਾਰ 'ਤੇ ਮੈਨੂੰ ਗ੍ਰਿਫਤਾਰ ਕੀਤਾ ਗਿਆ”।

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ‘ਹਵਾਲਾ ਏਜੰਟ ਤੋਂ ਗੁਜਰਾਤੀ ਵਿਚ ਲਿਖੀ ਇਕ ਡਾਇਰੀ ਮਿਲੀ ਹੈ। ਭਾਜਪਾ ਨੇ ਅਪਣੇ ਹਿਸਾਬ ਨਾਲ ਸਬੂਤ ਤਿਆਰ ਕੀਤੇ ਅਤੇ ਪੇਸ਼ ਕੀਤੇ’। ਇਸ ਤੋਂ ਪਹਿਲਾਂ ਈਡੀ ਨੇ ਸੁਪਰੀਮ ਕੋਰਟ 'ਚ ਕੇਜਰੀਵਾਲ ਦੀ ਪਟੀਸ਼ਨ 'ਤੇ ਜਵਾਬ ਦਾਖ਼ਲ ਕੀਤਾ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘੁਟਾਲੇ ਦੇ ਮੁੱਖ ਸਾਜ਼ਿਸ਼ਕਰਤਾ ਹਨ ਅਤੇ ਤੱਥ ਆਧਾਰਿਤ ਅਪਰਾਧ ਲਈ ਕਿਸੇ ਦੀ ਗ੍ਰਿਫ਼ਤਾਰੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਧਾਰਨਾ ਦੀ ਉਲੰਘਣਾ ਨਹੀਂ ਕਰ ਸਕਦੀ।

ਈਡੀ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਅਪਣੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ ਮਿਲੀਭੁਗਤ ਨਾਲ ਇਹ ਘੁਟਾਲਾ ਕੀਤਾ ਅਤੇ ਉਹ ਆਬਕਾਰੀ ਨੀਤੀ ਵਿਚ ਦਿਤੇ ਲਾਭਾਂ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ਵਿਚ ਸ਼ਾਮਲ ਸਨ।

(For more Punjabi news apart from Delhi CM Arvind Kejriwal Files Response To ED's Reply In Supreme Court , stay tuned to Rozana Spokesman)