ਪ੍ਰਧਾਨ ਮੰਤਰੀ ਦੇ ਸੰਕੇਤਾਂ ਤੋਂ ਬਾਅਦ ਸ਼ਿਵਰਾਜ ਚੌਹਾਨ ਦੇ ਦਿੱਲੀ ’ਚ ਵੱਡੀ ਭੂਮਿਕਾ ਨਿਭਾਉਣ ਦੇ ਸੰਕੇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਜੋਗ ਨਾਲ ਚੌਹਾਨ ਨੇ ਲੋਕ ਸਭਾ ਚੋਣਾਂ ਲਈ ਅਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਦਿਸ਼ਾ ਪਹੁੰਚਣ ਲਈ ਦਿੱਲੀ ਜਾਣ ਵਾਲੀ ਰੇਲ ਗੱਡੀ ਫੜੀ ਸੀ

PM Modi and Shivraj Chauhan

ਭੋਪਾਲ: ਮੱਧ ਪ੍ਰਦੇਸ਼ ਦੇ ਸੱਭ ਤੋਂ ਲੰਮੇ ਸਮੇਂ ਤਕ ਮੁੱਖ ਮੰਤਰੀ ਰਹੇ ਸ਼ਿਵਰਾਜ ਸਿੰਘ ਚੌਹਾਨ ਕੌਮੀ ਸਿਆਸਤ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਇਕ ਚੋਣ ਰੈਲੀ ’ਚ ਕਿਹਾ ਸੀ ਕਿ ਉਹ ‘ਉਨ੍ਹਾਂ ਨੂੰ ਦਿੱਲੀ (ਕੇਂਦਰ) ਲਿਜਾਣਾ ਚਾਹੁੰਦੇ ਹਨ।’

ਸਾਲ 2005 ਤੋਂ 2023 ਤਕ ਸੂਬੇ ਦੇ ਮੁੱਖ ਮੰਤਰੀ ਰਹੇ ਚੌਹਾਨ ਅਪਣੇ ਗੜ੍ਹ ਵਿਦਿਸ਼ਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਇਹ ਚੋਣ ਖੇਤਰ ਭੋਪਾਲ-ਦਿੱਲੀ ਰੇਲ ਮਾਰਗ ’ਤੇ ਸਥਿਤ ਇਕ ਪ੍ਰਾਚੀਨ ਸ਼ਹਿਰ ਹੈ। ਚੌਹਾਨ ਦਾ ਮੁਕਾਬਲਾ ਕਾਂਗਰਸ ਦੇ ਪ੍ਰਤਾਪ ਭਾਨੂ ਸ਼ਰਮਾ ਨਾਲ ਹੈ, ਜਿਨ੍ਹਾਂ ਨੇ 1980 ਅਤੇ 1984 ਵਿਚ ਇਹ ਸੀਟ ਜਿੱਤੀ ਸੀ। 1967 ’ਚ ਹੋਂਦ ’ਚ ਆਉਣ ਤੋਂ ਬਾਅਦ ਕਾਂਗਰਸ ਨੇ ਇਸ ਹਲਕੇ ’ਚ ਸਿਰਫ ਦੋ ਚੋਣਾਂ ਜਿੱਤੀਆਂ ਸਨ। 

24 ਅਪ੍ਰੈਲ ਨੂੰ ਸੂਬੇ ਦੇ ਹਰਦਾ ’ਚ ਇਕ ਰੈਲੀ ਦੌਰਾਨ ਮੋਦੀ ਨੇ ਚੌਹਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਦੋਹਾਂ ਨੇ ਪਾਰਟੀ ਸੰਗਠਨਾਤਮਕ ਅਤੇ ਮੁੱਖ ਮੰਤਰੀ ਦੇ ਤੌਰ ’ਤੇ ਇਕੱਠੇ ਕੰਮ ਕੀਤਾ ਹੈ। ਉਨ੍ਹਾਂ ਇਕ ਰੈਲੀ ’ਚ ਕਿਹਾ ਸੀ, ‘‘ਜਦੋਂ ਸ਼ਿਵਰਾਜ ਸੰਸਦ ਗਏ ਸਨ ਤਾਂ ਮੈਂ ਪਾਰਟੀ ਜਨਰਲ ਸਕੱਤਰ ਦੇ ਤੌਰ ’ਤੇ ਇਕੱਠੇ ਕੰਮ ਕਰ ਰਿਹਾ ਸੀ। ਹੁਣ ਮੈਂ ਉਨ੍ਹਾਂ ਨੂੰ ਵਾਪਸ (ਦਿੱਲੀ) ਲੈ ਜਾਣਾ ਚਾਹੁੰਦਾ ਹਾਂ।’’

ਸੰਜੋਗ ਨਾਲ ਚੌਹਾਨ ਨੇ ਲੋਕ ਸਭਾ ਚੋਣਾਂ ਲਈ ਅਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਬਾਅਦ ਵਿਦਿਸ਼ਾ ਪਹੁੰਚਣ ਲਈ ਦਿੱਲੀ ਜਾਣ ਵਾਲੀ ਰੇਲ ਗੱਡੀ ਫੜੀ ਸੀ। ਉਨ੍ਹਾਂ ਨੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ, ਹਾਲਾਂਕਿ ਪਾਰਟੀ ਨੇ ਮੋਹਨ ਯਾਦਵ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਲਈ ਹੈਰਾਨੀਜਨਕ ਕਦਮ ਚੁਕਿਆ ਸੀ। ਪਿਆਰ ਨਾਲ ‘ਮਾਮਾ’ ਅਤੇ ਅਪਣੀ ਜਵਾਨੀ ਵਿਚ ‘ਪਾਉਂ ਪਾਉਂ ਵਾਲੇ ਭਈਆ’ ਵਜੋਂ ਜਾਣੇ ਜਾਂਦੇ ਚੌਹਾਨ ਵਿਦਿਸ਼ਾ ਤੋਂ ਅਪਣੀ ਛੇਵੀਂ ਲੋਕ ਸਭਾ ਚੋਣ ਲੜ ਰਹੇ ਹਨ। ਇਸ ਸੀਟ ਦੀ ਨੁਮਾਇੰਦਗੀ ਮਰਹੂਮ ਅਟਲ ਬਿਹਾਰੀ ਵਾਜਪਾਈ (1991) ਅਤੇ ਸੁਸ਼ਮਾ ਸਵਰਾਜ (2009 ਅਤੇ 2014) ਵਰਗੇ ਭਾਜਪਾ ਆਗੂ ਅਤੇ ਅਖਬਾਰ ਪ੍ਰਕਾਸ਼ਕ ਰਾਮਨਾਥ ਗੋਇਨਕਾ (1971) ਵਰਗੇ ਭਾਜਪਾ ਨੇਤਾ ਕਰ ਚੁਕੇ ਹਨ। 

ਅਪਣੇ ਨਾਮ ਦੇ ਐਲਾਨ ਤੋਂ ਬਾਅਦ ਚੌਹਾਨ ਨੇ ਕਿਹਾ ਕਿ ਇਹ ਸੀਟ ਵਾਜਪਾਈ ਨੇ ਉਨ੍ਹਾਂ ਨੂੰ ਸੌਂਪੀ ਸੀ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ 20 ਸਾਲ ਬਾਅਦ ਦੁਬਾਰਾ ਇਸ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ ਹੈ। ਚੌਹਾਨ ਨੇ ਉਦੋਂ ਕਿਹਾ ਸੀ, ‘‘ਭਾਜਪਾ ਮੇਰੀ ਮਾਂ ਹੈ, ਜਿਸ ਨੇ ਮੈਨੂੰ ਸੱਭ ਕੁੱਝ ਦਿਤਾ ਹੈ।’’

ਅਪਣੇ ਜੱਦੀ ਹਲਕੇ ਬੁੱਧਨੀ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਤੋਂ ਬਾਅਦ, ਚੌਹਾਨ ਨੂੰ ਭਾਜਪਾ ਨੇ 1992 ਦੀਆਂ ਲੋਕ ਸਭਾ ਉਪ ਚੋਣਾਂ ’ਚ ਮੈਦਾਨ ’ਚ ਉਤਾਰਿਆ ਸੀ। ਤਤਕਾਲੀ ਸੰਸਦ ਮੈਂਬਰ ਅਟਲ ਬਿਹਾਰੀ ਵਾਜਪਾਈ ਦੇ ਅਸਤੀਫੇ ਤੋਂ ਬਾਅਦ ਇਹ ਉਪ ਚੋਣ ਜ਼ਰੂਰੀ ਹੋ ਗਈ ਸੀ।

ਚੌਹਾਨ ਨੇ 2004 ਤਕ ਪੰਜ ਵਾਰ ਸੰਸਦ ਮੈਂਬਰ ਵਜੋਂ ਇਸ ਸੀਟ ਦੀ ਨੁਮਾਇੰਦਗੀ ਕੀਤੀ ਅਤੇ ਫਿਰ 2005 ’ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਸ ਸੀਟ ਤੋਂ ਅਸਤੀਫਾ ਦੇ ਦਿਤਾ। ਵਿਦਿਸ਼ਾ ਲੋਕ ਸਭਾ ਹਲਕੇ ਦੇ ਮੂਲ ਨਿਵਾਸੀ ਅਤੇ ਸੂਬਾ ਭਾਜਪਾ ਸਕੱਤਰ ਰਜਨੀਸ਼ ਅਗਰਵਾਲ ਨੇ ਕਿਹਾ, ‘‘ਕਾਂਗਰਸ ਸਿਰਫ ਰਸਮ ਦੇ ਤੌਰ ’ਤੇ ਚੋਣ ਲੜ ਰਹੀ ਹੈ, ਇਸ ਲਈ ਇਹ ਸਾਡੇ ਲਈ ਚੁਨੌਤੀ ਨਹੀਂ ਹੈ। ਅਸੀਂ ਉਨ੍ਹਾਂ ਬੂਥਾਂ ’ਤੇ ਵੀ ਜਿੱਤਾਂਗੇ ਜਿੱਥੇ ਕਾਂਗਰਸ ਨੂੰ ਰਵਾਇਤੀ ਤੌਰ ’ਤੇ ਵੋਟਾਂ ਮਿਲਦੀਆਂ ਰਹੀਆਂ ਹਨ। ਸਾਡਾ ਟੀਚਾ ਜਿੱਤ ਦਾ ਫ਼ਰਕ ਵਧਾਉਣਾ ਹੈ। ਸ਼ਿਵਰਾਜ ਜੀ ਖੁਦ ਇਸ ਹਲਕੇ ਦੇ ਹਰ ਹਿੱਸੇ ’ਚ ਪਹੁੰਚ ਰਹੇ ਹਨ।’’

ਚੋਣ ਪ੍ਰਚਾਰ ਮੁਹਿੰਮ ਦੌਰਾਨ ਚੌਹਾਨ ਅਪਣੀ ਪਤਨੀ ਸਾਧਨਾ ਸਿੰਘ ਨਾਲ ਚਾਹ ਪੀਂਦੇ ਅਤੇ ਚਾਟ ਤੇ ਸਮੋਸੇ ਦਾ ਆਨੰਦ ਲੈਂਦੇ ਅਤੇ ਸਟਰੀਟ ਵਿਕਰੀਕਰਤਾਵਾਂ ਨਾਲ ਗੱਲਬਾਤ ਕਰਦੇ ਵੇਖੇ ਜਾ ਸਕਦੇ ਹਨ। ਉਹ ਵੋਟਰਾਂ, ਖਾਸ ਕਰ ਕੇ ਔਰਤਾਂ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦੇ ਹਨ, ਜੋ ਉਨ੍ਹਾਂ ਦੇ ਸਮਰਥਨ ਅਧਾਰ ਦਾ ਵੱਡਾ ਹਿੱਸਾ ਹਨ। 

ਜਦਕਿ, ਕਾਂਗਰਸ ਦੇ ਵਿਦਿਸ਼ਾ ਜ਼ਿਲ੍ਹਾ ਪ੍ਰਧਾਨ ਮੋਹਿਤ ਰਘੂਵੰਸ਼ੀ ਨੇ ਚੌਹਾਨ ’ਤੇ ਸਥਾਨਕ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਹਲਕੇ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਜਪਾ ਨੇਤਾ ਨੇ ਅਪਣੇ ਵਾਅਦੇ ਪੂਰੇ ਨਹੀਂ ਕੀਤੇ। ਰਘੁਵੰਸ਼ੀ ਨੇ ਕਿਹਾ, ‘‘ਚੌਹਾਨ ਦੋ ਦਹਾਕਿਆਂ ਤੋਂ ਸੂਬੇ ’ਚ ਭਾਜਪਾ ਦਾ ਮੁੱਖ ਚਿਹਰਾ ਰਹੇ ਹਨ। ਕਾਂਗਰਸ ਵਲੋਂ ਦਿਤੀ ਗਈ ਸਖਤ ਚੁਨੌਤੀ ਕਾਰਨ ਉਹ ਚੋਣ ਪ੍ਰਚਾਰ ’ਚ ਵਿਦਿਸ਼ਾ ਤਕ ਹੀ ਸੀਮਤ ਰਹਿ ਗਏ ਹਨ। ਉਨ੍ਹਾਂ ਦਾ ਅਹੁਦਾ ਘਟਾ ਕੇ ਸਥਾਨਕ ਨੇਤਾ ਦਾ ਕਰ ਦਿਤਾ ਗਿਆ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਉਮੀਦਵਾਰ ਸ਼ਰਮਾ ਨੇ ਦੋ ਵਾਰ ਸੰਸਦ ਮੈਂਬਰ ਵਜੋਂ ਸੇਵਾ ਨਿਭਾਉਂਦੇ ਹੋਏ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ ਜਦੋਂ ਸੰਸਦ ਮੈਂਬਰਾਂ ਲਈ ਸਥਾਨਕ ਖੇਤਰ ਵਿਕਾਸ ਫੰਡਾਂ ਦਾ ਕੋਈ ਪ੍ਰਬੰਧ ਨਹੀਂ ਸੀ। ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਰਸ਼ੀਦ ਕਿਦਵਈ ਨੇ ਕਿਹਾ ਕਿ ਭਾਜਪਾ ਨੂੰ ਕੌਮੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਦਬਾਅ ਹੇਠ ਚੌਹਾਨ ਨੂੰ ਇਸ ਸੀਟ ਤੋਂ ਚੋਣ ਮੈਦਾਨ ’ਚ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ। 

ਵਿਦਿਸ਼ਾ ਲੋਕ ਸਭਾ ਹਲਕੇ ’ਚ ਵਿਦਿਸ਼ਾ, ਰਾਏਸੇਨ, ਸੀਹੋਰ ਅਤੇ ਦੇਵਾਸ ਜ਼ਿਲ੍ਹਿਆਂ ਦੇ ਅੱਠ ਵਿਧਾਨ ਸਭਾ ਹਲਕੇ ਆਉਂਦੇ ਹਨ। ਭੋਜਪੁਰ, ਸਾਂਚੀ (ਐਸ.ਸੀ.) ਅਤੇ ਸਿਲਵਾਨੀ ਵਿਧਾਨ ਸਭਾ ਹਲਕੇ ਰਾਏਸੇਨ ਜ਼ਿਲ੍ਹੇ ’ਚ, ਵਿਦਿਸ਼ਾ ਜ਼ਿਲ੍ਹੇ ’ਚ ਵਿਦਿਸ਼ਾ ਅਤੇ ਬਸੋਦਾ, ਸੀਹੋਰ ਜ਼ਿਲ੍ਹੇ ’ਚ ਬੁੱਧਨੀ ਅਤੇ ਇੱਛਾਵਰ ਅਤੇ ਦੇਵਾਸ ਜ਼ਿਲ੍ਹੇ ਦੇ ਖਾਟੇਗਾਓਂ ਵਿਧਾਨ ਸਭਾ ਹਲਕੇ ਹਨ। 

ਵਿਦਿਸ਼ਾ ਲੋਕ ਸਭਾ ਸੀਟ ਦੇ ਇਨ੍ਹਾਂ ਅੱਠ ਵਿਧਾਨ ਸਭਾ ਹਲਕਿਆਂ ਵਿਚੋਂ ਸੱਤ ਇਸ ਸਮੇਂ ਭਾਜਪਾ ਦੇ ਕਬਜ਼ੇ ਵਿਚ ਹਨ ਅਤੇ ਚੌਹਾਨ ਬੁੱਧਨੀ ਦੀ ਨੁਮਾਇੰਦਗੀ ਕਰ ਰਹੇ ਹਨ। ਸਵਰਾਜ ਨੇ 2009 ਦੀਆਂ ਲੋਕ ਸਭਾ ਚੋਣਾਂ ’ਚ 3.90 ਲੱਖ ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤੀ ਸੀ। ਇਸ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਪਟੇਲ ਦੇ ਨਾਮਜ਼ਦਗੀ ਚਿੱਠੀ ਤਕਨੀਕੀ ਆਧਾਰ ’ਤੇ ਰੱਦ ਕਰ ਦਿਤੇ ਗਏ ਸਨ। 

ਭਾਜਪਾ ਦੇ ਇਕ ਸਥਾਨਕ ਨੇਤਾ ਮੁਤਾਬਕ ਵਿਦਿਸ਼ਾ ਲੋਕ ਸਭਾ ਹਲਕੇ ਦਾ 80 ਫੀ ਸਦੀ ਹਿੱਸਾ ਪੇਂਡੂ ਹੈ ਅਤੇ ਆਬਾਦੀ ’ਚ ਓਬੀਸੀ (ਹੋਰ ਪੱਛੜੀਆਂ ਸ਼੍ਰੇਣੀਆਂ) ਦਾ ਦਬਦਬਾ ਹੈ, ਜਿੱਥੇ ਚੌਹਾਨ ਦੇ ਧਾਕੜ-ਕਿਰਾਰ ਭਾਈਚਾਰੇ ਦੀ ਵੱਡੀ ਆਬਾਦੀ ਹੈ। ਇਸ ਤੋਂ ਇਲਾਵਾ, 35 ਫ਼ੀ ਸਦੀ ਆਬਾਦੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਐਸ.ਸੀ./ਐਸ.ਟੀ.) ਨਾਲ ਸਬੰਧਤ ਹੈ। ਵਿਦਿਸ਼ਾ ਦੇ 19.38 ਲੱਖ ਯੋਗ ਵੋਟਰਾਂ ਵਿਚੋਂ 10.04 ਲੱਖ ਪੁਰਸ਼ ਅਤੇ 9.34 ਲੱਖ ਔਰਤਾਂ ਹਨ।