ਘੱਟ ਗਿਣਤੀਆਂ ਵਿਰੁੱਧ ਹੋ ਰਹੀਆਂ ਘਟਨਾਵਾਂ ‘ਤੇ ਗੌਹਰ ਖਾਨ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘੱਟ ਗਿਣਤੀ ਭਾਈਚਾਰੇ ਵਿਰੁੱਧ ਪਿਛਲੇ ਦੋ ਦਿਨਾਂ ਤੋਂ ਹੋ ਰਹੀਆਂ ਦੋ ਘਟਨਾਵਾਂ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਗੌਹਰ ਖਾਨ ਨੇ ਟਵਿਟਰ ‘ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ।

Gauhar Khan

ਨਵੀਂ ਦਿੱਲੀ: ਘੱਟ ਗਿਣਤੀ ਭਾਈਚਾਰੇ ਵਿਰੁੱਧ ਪਿਛਲੇ ਦੋ ਦਿਨਾਂ ਤੋਂ ਹੋ ਰਹੀਆਂ ਦੋ ਘਟਨਾਵਾਂ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਅਤੇ ਬਿੱਗ ਬਾਸ ਦੀ ਵਿਜੇਤਾ ਗੌਹਰ ਖਾਨ ਨੇ ਟਵਿਟਰ ‘ਤੇ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਗੌਹਰ ਖਾਨ ਨੇ ਸੋਸ਼ਲ ਮੀਡੀਆ ‘ਤੇ ਅਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਇਹਨਾਂ ਮਾਮਲਿਆਂ ‘ਤੇ ਗੌਹਰ ਖਾਨ ਦੇ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ। ਗੌਹਰ ਖਾਨ ਨੇ ਪਿਛਲੇ ਕੁਝ ਦਿਨਾਂ ਵਿਚ ਕਥਿਤ ਤੌਰ ‘ਤੇ ਘੱਟ ਗਿਣਤੀ ਵਿਰੁੱਧ ਹੋਈਆਂ ਘਟਨਾਵਾਂ ਨੂੰ ਲੈ ਕੇ ਟਵੀਟ ਕੀਤਾ ਹੈ।

ਗੌਹਰ ਖਾਨ ਨੇ ਲਿਖਿਆ ਹੈ, ਕਿਰਪਾ ਕਰਕੇ ਧਰਮ ਦੇ ਅਧਾਰ ‘ਤੇ ਲੋਕਾਂ ਨੂੰ ਕੁੱਟਣਾ ਬੰਦ ਕਰੋ। ਉਹਨਾਂ ਲਿਖਿਆ ਕਿ ਹੁਣ ਘੱਟ ਗਿਣਤੀਆਂ ਨੂੰ ਅਪਣੀ ਆਤਮ-ਰੱਖਿਆ ਲਈ ਲਾਠੀ ਲੈ ਕੇ ਘੁੰਮਣਾ ਹੋਵੇਗਾ? ਉਹਨਾਂ ਨੇ ਬੇਨਤੀ ਕੀਤੀ ਹੈ ਕਿ ਨਫਰਤ ਦੀ ਨਿੰਦਾ ਕਰੋ। ਗੌਹਰ ਖਾਨ ਨੇ ਇਕ ਹੋਰ ਟਵੀਟ ਵਿਚ ਕਿਹਾ ਹੈ ਕਿ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਾਅਦੇ ਤੋਂ ਇਕ ਦਿਨ ਬਾਅਦ ਹੀ ਮੁਸਲਿਮ ਵਿਅਕਤੀ ਅਤੇ ਉਸਦੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।  ਦੂਜੇ ਦਿਨ ਗੁਰੂਗ੍ਰਾਮ ਵਿਚ ਮੁਸਲਮਾਨ ਨੂੰ ਨਮਾਜ਼ ਦੀ ਟੋਪੀ ਪਹਿਨਣ ‘ਤੇ ਕੁੱਟਿਆ ਗਿਆ। ਉਹਨਾਂ ਲਿਖਿਆ ਕੀ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਹੋਵੇਗੀ ਜਾਂ ਪੰਜ ਸਾਲ ਅਜਿਹਾ ਹੀ ਚੱਲਣ ਵਾਲਾ ਹੈ।

ਜ਼ਿਕਰਯੋਗ ਹੈ ਕਿ 25 ਮਈ ਨੂੰ ਮੱਧ ਪ੍ਰਦੇਸ਼ ਦੇ ਸਿਵਨੀ ਵਿਚ ਗਊ ਰੱਖਿਆ ਦੇ ਨਾਂਅ ‘ਤੇ ਗੁੰਡਾਗਰਦੀ ਦਾ ਕਥਿਤ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਕਥਿਤ ਗਊ ਰੱਖਿਅਕ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਬੰਨ ਕੇ ਲਗਾਤਾਰ ਮਾਰਦੇ ਦਿਖ ਰਹੇ ਸਨ। ਇਹ ਘਟਨਾ ਦੋ ਦਿਨ ਪਹਿਲਾਂ ਦੀ ਹੈ ਜਦੋਂ ਕਥਿਤ ਗਊ ਰੱਖਿਅਕਾਂ ਨੇ ਇਕ ਰਿਕਸ਼ੇ ਵਿਚ ਮਾਸ ਮਿਲਣ ਦੀ ਸੂਚਨਾ ਮਿਲਣ ‘ਤੇ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਫੜਿਆ ਅਤੇ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ। ਹਾਲਾਂਕਿ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।