ਖਾਣ-ਪੀਣ ਦੀ ਕਮੀ ਕਾਰਨ ਸਟੇਸ਼ਨ 'ਤੇ ਹੋਈ ਮਾਂ ਦੀ ਮੌਤ, ਲਾਸ਼ ਨਾਲ ਖੇਡਦਾ ਰਿਹਾ ਮਾਸੂਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁਜ਼ੱਫਰਪੁਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

Photo

ਪਟਨਾ: ਬਿਹਾਰ ਦੇ ਮੁਜ਼ੱਫਰਪੁਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਬੱਚਾ ਰੇਲਵੇ ਸਟੇਸ਼ਨ 'ਤੇ ਅਪਣੀ ਮਾਂ ਦੀ ਲਾਸ਼ ਨਾਲ ਖੇਡ ਰਿਹਾ ਹੈ, ਉਸ ਨੂੰ ਜਗਾ ਰਿਹਾ ਹੈ ਪਰ ਉਸ ਨੂੰ ਨਹੀਂ ਪਤਾ ਕਿ ਉਸ ਦੀ ਮਾਂ ਇਸ ਦੁਨੀਆ ਵਿਚ ਨਹੀਂ ਰਹੀ।

ਭਿਆਨਕ ਗਰਮੀ ਵਿਚ ਚਾਰ ਦਿਨ ਤੋਂ ਟਰੇਨ ਵਿਚ ਭੁੱਖੀ ਪਿਆਸੀ ਮਾਂ ਦੀ ਮੌਤ ਹੋ ਗਈ, ਮਾਸੂਮ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਬੱਚਾ ਅਪਣੀ ਮਾਂ ਦੇ ਸਰੀਰ 'ਤੇ ਰੱਖੇ ਕੱਪੜੇ ਨੂੰ ਚੁੱਕਦਾ ਹੈ ਪਰ ਉਸ ਦੀ ਮਾਂ ਕੋਈ ਹਰਕਤ ਨਹੀਂ ਕਰਦੀ। 

ਇਹ ਵੀ਼ਡੀਓ ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਸਟੇਸ਼ਨ ਦੀ ਹੈ, ਜਿਥੇ 23 ਸਾਲਾ ਔਰਤ ਸੋਮਵਾਰ ਨੂੰ ਪ੍ਰਵਾਸੀਆਂ ਲਈ ਚਲਾਈ ਜਾ ਰਹੀ ਇਕ ਵਿਸ਼ੇਸ਼ ਟ੍ਰੇਨ ਵਿਚ ਪਹੁੰਚੀ ਸੀ। ਇਸੇ ਸਟੇਸ਼ਨ 'ਤੇ ਇਕ ਦੋ ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਕਥਿਤ ਤੌਰ 'ਤੇ ਉਸ ਦੀ ਮੌਤ ਗਰਮੀ ਅਤੇ ਭੋਜਨ ਦੀ ਕਮੀਂ ਕਾਰਨ ਹੋਈ ਹੈ।

ਬੱਚੇ ਦਾ ਪਰਿਵਾਰ ਐਤਵਾਰ ਨੂੰ ਦਿੱਲੀ ਤੋਂ ਸਪੈਸ਼ਲ ਟਰੇਨ ਰਾਹੀਂ ਇੱਥੇ ਪਹੁੰਚਿਆ ਸੀ। ਔਰਤ ਦੇ ਪਰਿਵਾਰ ਅਨੁਸਾਰ ਉਸ ਨੇ ਐਤਵਾਰ ਨੂੰ ਗੁਜਰਾਤ ਤੋਂ ਟਰੇਨ ਲਈ ਸੀ ਅਤੇ ਖਾਣ-ਪੀਣ ਦੀ ਕਮੀ ਦੇ ਕਾਰਨ ਟਰੇਨ ਵਿਚ ਉਸ ਦੀ ਸਿਹਤ ਵਿਗੜ ਗਈ। ਸੋਮਵਾਰ ਨੂੰ ਟਰੇਨ ਦੇ ਮੁਜ਼ੱਫਰਪੁਰ ਪਹੁੰਚਣ ਤੋਂ ਪਹਿਲਾਂ ਹੀ ਔਰਤ ਬੇਹੋਸ਼ ਹੋ ਕੇ ਡਿੱਗ ਗਈ।

ਕਿਸੇ ਨੇ ਉਸ ਦੀ ਮ੍ਰਿਤਕ ਦੇਹ ਨੂੰ ਸਟੇਸ਼ਨ 'ਤੇ ਰੱਖ ਦਿੱਤਾ ਅਤੇ ਇਹ ਵੀਡੀਓ ਉਸੇ ਸਮੇਂ ਦਾ ਹੈ। ਇਸ ਦੌਰਾਨ ਬੱਚਾ ਅਪਣੀ ਮਾਂ ਦੀ ਲਾਸ਼ ਨਾਲ ਖੇਡਦਾ ਰਿਹਾ ਅਤੇ ਉਸ ਨੂੰ ਜਗਾਉਂਦਾ ਰਿਹਾ। ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਮਹਿਲਾ ਦੀ ਸਿਹਤ ਵਿਗੜ ਗਈ ਸੀ ਅਤੇ ਟਰੇਨ ਵਿਚ ਹੀ ਉਸ ਦੀ ਮੌਤ ਹੋ ਗਈ।