ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਦਾ ਸਹਾਰਾ ਬਣੀ ਸਕੂਲ ਪ੍ਰਿੰਸੀਪਲ
ਫੀਸ ਭਰਨ ਲਈ ਇਕੱਠੇ ਕੀਤੇ 40 ਲੱਖ ਰੁਪਏ
ਮੁੰਬਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਨੌਕਰੀ ਜਾਣ ਕਾਰਨ ਕਈ ਮਾਪਿਆਂ ਨੂੰ ਅਪਣੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੁੰਬਈ ਦੇ ਪੋਵਈ ਇਲਾਕੇ ਵਿਚ ਇਕ ਸਕੂਲ ਦੀ ਪ੍ਰਿੰਸੀਪਲ ਨੇ ਕਾਰਪੋਰੇਟ ਘਰਾਣਿਆਂ ਅਤੇ ਹੋਰਨਾਂ ਵਿਅਕਤੀਆਂ ਕੋਲੋਂ ਕਰੀਬ 40 ਲੱਖ ਰੁਪਏ ਦਾ ਫੰਡ ਇਕੱਠਾ ਕੀਤਾ। ਇਸ ਫੰਡ ਨਾਲ ਉਹਨਾਂ ਨੇ ਕਰੀਬ 200 ਵਿਦਿਆਰਥੀਆਂ ਦੀ ਫੀਸ ਜਮ੍ਹਾਂ ਕੀਤੀ।
ਪੋਵਈ ਇੰਗਲਿਸ਼ ਹਾਈ ਸਕੂਲ ਦੀ ਪ੍ਰਿੰਸੀਪਲ ਸ਼ਰਲੀ ਪਿੱਲੇ ਨੇ ਮਾਰਚ 2020 ਵਿਚ ਕੋਵਿਡ-19 ਦੇ ਚਲਦਿਆਂ ਲਾਕਡਾਊਨ ਲੱਗਣ ਤੋਂ ਤੁਰੰਤ ਬਾਅਦ ਇਸ ਦੀ ਸ਼ੁਰੂਆਤ ਕੀਤੀ। ਚਾਰ ਸਾਲ ਤੋਂ ਸਕੂਲ ਦੀ ਅਗਵਾਈ ਕਰ ਰਹੀ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਨੇ ਅਪਣੇ 35 ਸਾਲ ਦੇ ਸਕੂਲ ਕਰੀਅਰ ਵਿਚ ਪਹਿਲੀ ਵਾਰ ਅਜਿਹਾ ਦੇਖਿਆ ਕਿ ‘ਮੇਰੇ ਟੇਬਲ ਉੱਤੇ ਰਿਪੋਰਟ ਕਾਰਡ ਦੇ ਢੇਰ ਲੱਗੇ ਹੋਏ ਸਨ ਅਤੇ ਮਾਪੇ ਉਹਨਾਂ ਨੂੰ ਲੈਣ ਲਈ ਸਕੂਲ ਆਉਣ ਲਈ ਤਿਆਰ ਨਹੀਂ ਸੀ’।
2200 ਵਿਦਿਆਰਥੀਆਂ ਵਿਚੋਂ ਸਿਰਫ਼ 50 ਫੀਸਦ ਨੇ ਹੀ ਅਪਣੀ ਫੀਸ ਦਾ ਭੁਗਤਾਨ ਕੀਤਾ। ਜਦੋਂ ਅਧਿਆਪਕਾਂ ਨੇ ਬਾਕੀ ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਸਮੱਸਿਆ ਦਾ ਪਤਾ ਚੱਲਿਆ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਦਿਹਾੜੀਦਾਰ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਕਈ ਬੱਚੇ ਪੜ੍ਹ ਰਹੇ ਹਨ। ਇਸ ਦੇ ਚਲਦਿਆਂ ਇਹ ਬੱਚੇ ਸਕੂਲ ਛੱਡਣ ਲਈ ਮਜਬੂਰ ਸਨ।
ਇਸ ਦੌਰਾਨ ਸਕੂਲ ਨੇ ਸ਼ੁਰੂਆਤ ਵਿਚ ਵਿਦਿਆਰਥੀਆਂ ਨੂੰ ਫੀਸ ਵਿਚ 25% ਦੀ ਛੋਟ ਦਿੱਤੀ। ਇਸ ਤੋਂ ਇਲਾਵਾ 105 ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਅਪਣੀ ਤਨਖਾਹ ਵਿਚ ਵੀ 30 ਤੋਂ 50 ਫੀਸਦੀ ਕਟੌਤੀ ਕੀਤੀ। ਇਸ ਤੋਂ ਬਾਅਦ ਵੀ ਮੁਸ਼ਕਿਲ ਹੋਈ ਤਾਂ ਪ੍ਰਿੰਸੀਪਲ ਨੇ ਕਾਰਪੋਰਟ ਘਰਾਣਿਆਂ ਨੂੰ ਮਦਦ ਲਈ ਅਪੀਲ ਕੀਤੀ। ਪ੍ਰਿੰਸੀਪਲ ਨੇ ਸਥਾਨਕ ਕਮਿਊਨਿਟੀ ਨੈਟਵਰਕ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਪਾਂਸਰ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਾਰਪੋਰੇਟਾਂ ਦਾ ਜਵਾਬ ਆਉਣ ਵਿਚ ਸਮਾਂ ਜ਼ਰੂਰ ਲੱਗਿਆ ਪਰ ਸਕੂਲ ਦੀ ਮਿਹਨਤ ਸਫਲ ਰਹੀ।