PM Modi Vs Rahul Gandhi: ਸੋਸ਼ਲ ਮੀਡੀਆ 'ਤੇ ਮੋਦੀ ਨਾਲੋਂ ਜ਼ਿਆਦਾ ਰਾਹੁਲ ਗਾਂਧੀ ਦਾ ਦਬਦਬਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਈਕਸ ਦੁੱਗਣੇ, ਸ਼ੇਅਰਿੰਗ ਤਿੰਨ ਗੁਣਾ ਅਤੇ ਵਿਊਜ਼ 21 ਕਰੋੜ ਵੱਧ

PM Modi and Rahul Gandhi

PM Modi-Rahul Gandhi: ਲੋਕ ਸਭਾ ਚੋਣਾਂ 2024 ਅਪਣੇ ਆਖਰੀ ਪੜਾਅ ਵੱਲ ਵਧ ਰਹੀਆਂ ਹਨ। ਕੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਜਾਂ ਰਾਹੁਲ ਗਾਂਧੀ ਦੀ ਕਿਸਮਤ ਬਦਲੇਗੀ ਇਹ ਅਗਲੇ ਹਫ਼ਤੇ ਯਾਨੀ 4 ਜੂਨ ਨੂੰ ਪਤਾ ਲੱਗ ਜਾਵੇਗਾ। ਹਾਲਾਂਕਿ, ਇਸ ਚੋਣ ਸੀਜ਼ਨ ਵਿਚ ਸੋਸ਼ਲ ਮੀਡੀਆ ਦੀ ਲੜਾਈ ਕਿਸ ਨੇ ਜਿੱਤੀ, ਅਸੀਂ ਅੱਜ ਇਸ ਬਾਰੇ ਚਰਚਾ ਕਰਾਂਗੇ।

ਨਰਿੰਦਰ ਮੋਦੀ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਦੁਨੀਆ ਦੇ ਸੱਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਸਿਆਸਤਦਾਨ ਹਨ। ਉਹ ਐਕਸ (ਪਹਿਲਾਂ ਟਵਿੱਟਰ) 'ਤੇ ਵੀ ਓਬਾਮਾ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਚਾਰਾਂ ਪਲੇਟਫਾਰਮਾਂ 'ਤੇ ਨਰਿੰਦਰ ਮੋਦੀ ਦੇ ਫੋਲੋਅਰਜ਼ ਦੀ ਗਿਣਤੀ 26 ਕਰੋੜ ਤੋਂ ਵੱਧ ਹੈ। ਰਾਹੁਲ ਗਾਂਧੀ ਦੇ ਚਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮਿਲਾ ਕੇ ਸਿਰਫ਼ 4.7 ਕਰੋੜ ਫਾਲੋਅਰਜ਼ ਹਨ। ਚੋਣ ਸੀਜ਼ਨ ਦੌਰਾਨ ਦੋਹਾਂ ਆਗੂਆਂ ਦੇ ਸੋਸ਼ਲ ਮੀਡੀਆ ਪ੍ਰਦਰਸ਼ਨ ਨੂੰ ਦੇਖਣ ਲਈ, 1 ਅਪ੍ਰੈਲ ਤੋਂ 20 ਮਈ ਤਕ ਉਨ੍ਹਾਂ ਦੇ ਐਕਸ ਪ੍ਰੋਫਾਈਲਾਂ ਦੀਆਂ ਸਾਰੀਆਂ 1279 ਪੋਸਟਾਂ ਦਾ ਅਧਿਐਨ ਕੀਤਾ ਗਿਆ।

ਐਕਸ ਉਤੇ ਪ੍ਰਦਰਸ਼ਨ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਸ ਉਤੇ ਪੋਸਟਾਂ ਸਾਂਝੀਆਂ ਕਰਨ ਵਿਚ ਅੱਗੇ ਰਹੇ ਜਦਕਿ ਰਾਹੁਲ ਗਾਂਧੀ ਐਂਗੇਜਮੈਂਟ ਦੇ ਮਾਮਲੇ ਵਿਚ ਅੱਗੇ ਰਹੇ। ਇਸ ਤੋਂ ਇਲਾਵਾ ਔਸਤਨ ਲਾਈਕਸ ਦੇ ਮਾਮਲੇ ਵਿਚ ਰਾਹੁਲ ਗਾਂਧੀ ਅੱਗੇ ਰਹੇ। 50 ਦਿਨਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕੁੱਲ 1159 ਪੋਸਟਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ 1.9 ਕਰੋੜ ਲਾਈਕਸ ਮਿਲੇ। ਪ੍ਰਤੀ ਪੋਸਟ ਔਸਤਨ ਲਾਈਕਸ ਦੀ ਗਿਣਤੀ 17 ਹਜ਼ਾਰ ਰਹੀ।

ਦੂਜੇ ਪਾਸੇ ਰਾਹੁਲ ਗਾਂਧੀ ਨੇ ਕੁੱਲ 120 ਪੋਸਟਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਕੁੱਲ 40 ਲੱਖ ਲਾਈਕਸ ਮਿਲੇ। ਪ੍ਰਤੀ ਪੋਸਟ ਔਸਤਨ ਲਾਈਕਸ ਦੀ ਗਿਣਤੀ 38 ਹਜ਼ਾਰ ਰਹੀ।

ਔਸਤਨ ਰੀਪੋਸਟ ਵਿਚ ਰਾਹੁਲ ਗਾਂਧੀ ਅੱਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ 1159 ਪੋਸਟਾਂ ਸਾਂਝੀਆਂ ਕੀਤੀਆਂ ਅਤੇ 48.8 ਲੱਖ ਕੁੱਲ ਰੀਪੋਸਟ ਕੀਤੀਆਂ। ਉਨ੍ਹਾਂ ਦੀ ਪ੍ਰਤੀ ਪੋਸਟ ਔਸਤਨ ਰੀਪੋਰਟ 4 ਹਜ਼ਾਰ ਰਹੀ। ਰਾਹੁਲ ਗਾਂਧੀ ਨੇ ਕੁੱਲ 120 ਪੋਸਟਾਂ ਸਾਂਝੀਆਂ ਕੀਤੀਆਂ ਜਦਕਿ 15 ਲੱਖ ਰੀਪੋਸਟ ਕੀਤੀਆਂ। ਉਨ੍ਹਾਂ ਦੀ ਪ੍ਰਤੀ ਪੋਸਟ ਔਸਤਨ ਰਿਪੋਰਟ 12 ਹਜ਼ਾਰ ਰਹੀ।
-ਪ੍ਰਧਾਨ ਮੰਤਰੀ ਨੇ ਐਕਸ ਉਤੇ ਰਾਹੁਲ ਗਾਂਧੀ ਤੋਂ ਕਰੀਬ 10 ਗੁਣਾ ਜ਼ਿਆਦਾ ਪੋਸਟਾਂ ਸਾਂਝੀਆਂ ਕੀਤੀਆਂ।
-ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਦੇ ਪ੍ਰਤੀ ਪੋਸਟ ਔਸਤਨ ਲਾਈਕ ਦੁੱਗਣੇ ਨਾਲੋਂ ਜ਼ਿਆਦਾ ਹੈ।

-ਮੋਦੀ ਦੇ ਮੁਕਾਬਲੇ ਰਾਹੁਲ ਗਾਂਧੀ ਦੇ ਪ੍ਰਤੀ ਪੋਸਟ ਔਸਤਨ ਰੀਪੋਸਟ ਕਰੀਬ ਤਿੰਨ ਗੁਣਾ ਹਨ।


ਅਹਿਮ ਚੋਣ ਮੁੱਦਿਆਂ ਉਤੇ ਪੋਸਟਾਂ

ਇਸ ਤੋਂ ਇਲਾਵਾ 5 ਵੱਡੇ ਚੋਣ ਮੁੱਦਿਆਂ ਵਿਚੋਂ ਪ੍ਰਧਾਨ ਮੰਤਰੀ ਨੇ ਰਾਖਵੇਂਕਰਨ ਉਤੇ 12, ਮਹਿੰਗਾਈ ਉਤੇ ਜ਼ੀਰੋ, ਕਿਸਾਨਾਂ ਉਤੇ 15, ਰਾਮ ਮੰਦਰ ਉਤੇ 11 ਅਤੇ ਬੇਰੁਜ਼ਗਾਰੀ ਉਤੇ ਜ਼ੀਰੋ ਪੋਸਟਾਂ ਐਕਸ ’ਤੇ ਸਾਂਝੀਆਂ ਕੀਤੀਆਂ। ਦੂਜੇ ਪਾਸੇ ਰਾਹੁਲ ਗਾਂਧੀ ਨੇ ਰਾਖਵੇਂਕਰਨ ਉਤੇ 7, ਮਹਿੰਗਾਈ ਉਤੇ 6, ਕਿਸਾਨਾਂ ਉਤੇ 4, ਰਾਮ ਮੰਦਰ ਉਤੇ ਜ਼ੀਰੋ ਅਤੇ ਬੇਰੁਜ਼ਗਾਰੀ ਉਤੇ 8 ਪੋਸਟਾਂ ਐਕਸ ’ਤੇ ਸਾਂਝੀਆਂ ਕੀਤੀਆਂ।

ਵਿਰੋਧੀ ਪਾਰਟੀ ਦਾ ਜ਼ਿਕਰ

50 ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀਆਂ ਐਕਸ ਪੋਸਟਾਂ ਵਿਚ ਇਕ ਵਾਰ ਵੀ ਰਾਹੁਲ ਗਾਂਧੀ ਦਾ ਜ਼ਿਕਰ ਨਹੀਂ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ 200 ਵਾਰ ਕਾਂਗਰਸ ਦਾ ਜ਼ਿਕਰ ਜ਼ਰੂਰ ਕੀਤਾ। ਦੂਜੇ ਪਾਸੇ ਰਾਹੁਲ ਗਾਂਧੀ ਨੇ ਅਪਣੀਆਂ ਐਕਸ ਪੋਸਟਾਂ ਵਿਚ 45 ਵਾਰ ਪ੍ਰਧਾਨ ਮੰਤਰੀ ਮੋਦੀ ਦਾ ਅਤੇ 22 ਵਾਰ ਭਾਜਪਾ ਦਾ ਜ਼ਿਕਰ ਕੀਤਾ।

ਫੋਲੋਅਰਜ਼ ਦੀ ਗਿਣਤੀ
4 ਅਪ੍ਰੈਲ ਤੋਂ 21 ਮਈ 2024 ਤਕ ਪ੍ਰਧਾਨ ਮੰਤਰੀ ਦੇ ਐਕਸ ਫੋਲੋਅਰਜ਼ ਦੀ ਗਿਣਤੀ 9.70 ਕਰੋੜ ਤੋਂ ਵਧ ਕੇ 9.79 ਕਰੋੜ ਹੋ ਗਈ। ਜਦਕਿ ਰਾਹੁਲ ਗਾਂਧੀ ਦੇ ਫੋਲੋਅਰਜ਼ ਦੀ ਗਿਣਤੀ 2.53 ਕਰੋੜ ਤੋਂ ਵਧ ਕੇ 2.56 ਕਰੋੜ ਹੋ ਗਈ। ਰਾਹੁਲ ਗਾਂਧੀ ਦੇ ਮੁਕਾਬਲੇ ਮੋਦੀ ਦੇ ਫੋਲੋਅਰਜ਼ 3 ਗੁਣਾ ਵਧੇ ਹਨ।
ਉਧਰ ਇੰਸਟਾਗ੍ਰਾਮ ਉਤੇ ਰਾਹੁਲ ਗਾਂਧੀ ਦੇ ਫੋਲੋਅਰਜ਼ ਮੋਦੀ ਨਾਲੋਂ 2 ਗੁਣਾ ਤੇਜ਼ੀ ਨਾਲ ਵਧੇ ਹਨ। 4 ਅਪ੍ਰੈਲ ਨੂੰ ਮੋਦੀ ਦੇ ਫੋਲੋਅਰਜ਼ 8.82 ਕਰੋੜ ਸੀ ਜੋ ਕਿ 21 ਮਈ 2024 ਨੂੰ ਵਧ ਕੇ 8.92 ਕਰੋੜ ਹੋ ਗਏ। ਇਸੇ ਮਿਆਦ ਦੌਰਾਨ ਰਾਹੁਲ ਗਾਂਧੀ ਦੇ ਫੋਲੋਅਰਜ਼ 64.29 ਲੱਖ ਤੋਂ ਵਧ ਕੇ 81.86 ਲੱਖ ਹੋ ਗਏ।
ਯੂਟਿਊਬ ਉਤੇ ਵੀ ਰਾਹੁਲ ਗਾਂਧੀ ਦੇ ਫੋਲੋਅਰਜ਼ ਮੋਦੀ ਨਾਲ ਦੋ ਗੁਣਾ ਤੇਜ਼ੀ ਨਾਲ ਵਧੇ। 30 ਦਿਨਾਂ ਵਿਚ ਰਾਹੁਲ ਗਾਂਧੀ ਨੂੰ ਮੋਦੀ ਨਾਲੋਂ 21 ਕਰੋੜ ਜ਼ਿਆਦਾ ਵਿਊਜ਼ ਮਿਲੇ ਹਨ। ਇਸੇ ਤਰ੍ਹਾਂ ਫੇਸਬੁੱਕ ਪੇਜ ਉਤੇ ਮੋਦੀ ਦੇ ਲਾਈਕਸ ਰਾਹੁਲ ਗਾਂਧੀ ਨਾਲੋਂ ਦੁੱਗਣੀ ਤੇਜ਼ੀ ਨਾਲ ਵਧੇ।