ਪੰਜਾਬ ਤੇ ਹਰਿਆਣਾ ’ਚ ਗਰਮੀ ਦਾ ਕਹਿਰ ਜਾਰੀ, ਸਿਰਸਾ ’ਚ ਤਾਪਮਾਨ 48.4 ਡਿਗਰੀ ’ਤੇ ਪੁੱਜਾ, ਥੋੜ੍ਹੇ ਦਿਨਾਂ ’ਚ ਮਿਲੇਗੀ ਅਸਥਾਈ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੂਨ ’ਚ ਤਾਪਮਾਨ ਜ਼ਿਆਦਾਤਰ ਦਿਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਭਵਿੱਖਬਾਣੀ

Representative Image.
  • ਦਿੱਲੀ ਸਮੇਤ ਉੱਤਰ-ਪਛਮੀ ਭਾਰਤ ਦੇ ਲੋਕਾਂ ਨੂੰ 30 ਮਈ ਤੋਂ ਬਾਅਦ ਗਰਮੀ ਤੋਂ ਮਿਲ ਸਕਦੀ ਹੈ ਅਸਥਾਈ ਰਾਹਤ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ’ਚ ਸੋਮਵਾਰ ਨੂੰ ਗਰਮੀ ਦਾ ਕਹਿਰ ਜਾਰੀ ਰਿਹਾ ਅਤੇ ਸਿਰਸਾ ’ਚ 48.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਦਾ ਸਿਰਸਾ ਸੂਬੇ ਦਾ ਸੱਭ ਤੋਂ ਗਰਮ ਸਥਾਨ ਰਿਹਾ। ਮੌਸਮ ਵਿਭਾਗ ਮੁਤਾਬਕ ਹਰਿਆਣਾ ਦੇ ਮਹਿੰਦਰਗੜ੍ਹ ’ਚ ਵੀ ਪਾਰਾ 47.5 ਡਿਗਰੀ ਤਕ ਪਹੁੰਚ ਗਿਆ। 

ਪੂਰਾ ਹਰਿਆਣਾ ਭਿਆਨਕ ਗਰਮੀ ਦੀ ਮਾਰ ਹੇਠ ਹੈ। ਰੋਹਤਕ ’ਚ ਵੱਧ ਤੋਂ ਵੱਧ ਤਾਪਮਾਨ 47.1 ਡਿਗਰੀ ਸੈਲਸੀਅਸ, ਝੱਜਰ ’ਚ 47 ਡਿਗਰੀ ਸੈਲਸੀਅਸ, ਭਿਵਾਨੀ ’ਚ 45.5 ਡਿਗਰੀ ਸੈਲਸੀਅਸ, ਗੁਰੂਗ੍ਰਾਮ ’ਚ 46 ਡਿਗਰੀ ਸੈਲਸੀਅਸ, ਫਰੀਦਾਬਾਦ ’ਚ 46.9 ਡਿਗਰੀ ਸੈਲਸੀਅਸ, ਕਰਨਾਲ ’ਚ 44.2 ਡਿਗਰੀ ਸੈਲਸੀਅਸ, ਹਿਸਾਰ ’ਚ 46.3 ਡਿਗਰੀ ਸੈਲਸੀਅਸ ਅਤੇ ਅੰਬਾਲਾ ’ਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਵੀ ਬਹੁਤ ਗਰਮ ਮੌਸਮ ਰਿਹਾ। ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ, ਪਟਿਆਲਾ ’ਚ 45.4 ਡਿਗਰੀ ਸੈਲਸੀਅਸ, ਪਠਾਨਕੋਟ ’ਚ 45.1 ਡਿਗਰੀ ਸੈਲਸੀਅਸ, ਫਰੀਦਕੋਟ ’ਚ 45.6 ਡਿਗਰੀ ਸੈਲਸੀਅਸ, ਗੁਰਦਾਸਪੁਰ ’ਚ 43.5 ਡਿਗਰੀ ਸੈਲਸੀਅਸ, ਫਿਰੋਜ਼ਪੁਰ ’ਚ 45.7 ਡਿਗਰੀ ਸੈਲਸੀਅਸ ਅਤੇ ਮੁਹਾਲੀ ’ਚ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਉਧਰ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਮੁਖੀ ਮੌਤੰਜੈ ਮਹਾਪਾਤਰਾ ਨੇ ਸੋਮਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਸਮੇਤ ਉੱਤਰ-ਪਛਮੀ ਭਾਰਤ ਦੇ ਲੋਕਾਂ ਨੂੰ 30 ਮਈ ਤੋਂ ਬਾਅਦ ਭਿਆਨਕ ਲੂ ਤੋਂ ਰਾਹਤ ਮਿਲ ਸਕਦੀ ਹੈ। 

ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਨੇ ਇਕ ਆਨਲਾਈਨ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਉੱਤਰ-ਪਛਮੀ ਭਾਰਤ ਦੇ ਕੁੱਝ ਹਿੱਸਿਆਂ ’ਚ ਭਿਆਨਕ ਲੂ ਚੱਲ ਰਹੀ ਹੈ ਅਤੇ ਇਹ ਅਗਲੇ ਤਿੰਨ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ, ਪਰ ਪਛਮੀ ਗੜਬੜੀ ਦੇ ਨੇੜੇ ਆਉਣ ਨਾਲ 30 ਮਈ ਤੋਂ ਇਸ ਦੀ ਤੀਬਰਤਾ ਹੌਲੀ-ਹੌਲੀ ਘੱਟ ਜਾਵੇਗੀ। 

ਉਨ੍ਹਾਂ ਕਿਹਾ ਕਿ ਪਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਆਉਣ ਵਾਲੀ ਨਮੀ ਕਾਰਨ ਦੇਸ਼ ਦੇ ਉੱਤਰ-ਪਛਮੀ ਅਤੇ ਮੱਧ ਹਿੱਸਿਆਂ ’ਚ ਗਰਜ ਨਾਲ ਮੀਂਹ ਪੈਣ ਅਤੇ ਪਛਮੀ ਹਿਮਾਲਿਆ ਖੇਤਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। 

ਹਾਲਾਂਕਿ, ਮਹਾਪਾਤਰਾ ਨੇ ਇਹ ਵੀ ਕਿਹਾ ਕਿ ਰਾਹਤ ਅਸਥਾਈ ਹੋਵੇਗੀ ਅਤੇ ਜੂਨ ਦੇ ਮਹੀਨੇ ’ਚ ਦਿੱਲੀ, ਪਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਜੂਨ ’ਚ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਦੇ ਕੁੱਝ ਹਿੱਸਿਆਂ ਅਤੇ ਉੱਤਰੀ ਮੱਧ ਪ੍ਰਦੇਸ਼ ਸਮੇਤ ਉੱਤਰ-ਪਛਮੀ ਭਾਰਤ ’ਚ ਆਮ ਦਿਨਾਂ ਨਾਲੋਂ ਜ਼ਿਆਦਾ ਗਰਮੀ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। 

ਮਹਾਪਾਤਰਾ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ ਆਮ ਤੌਰ ’ਤੇ ਜੂਨ ਦੇ ਮਹੀਨੇ ’ਚ ਤਿੰਨ ਦਿਨ ਦੀ ਲੂ ਚਲਦੀ ਹੈ ਪਰ ਇਸ ਵਾਰ ਇਨ੍ਹਾਂ ਇਲਾਕਿਆਂ ’ਚ ਦੋ ਤੋਂ ਚਾਰ ਦਿਨਾਂ ਤਕ ਅਜਿਹੀਆਂ ਸਥਿਤੀਆਂ ਹੋ ਸਕਦੀਆਂ ਹਨ, ਯਾਨੀ ਇਨ੍ਹਾਂ ਇਲਾਕਿਆਂ ’ਚ ਚਾਰ ਤੋਂ ਛੇ ਦਿਨਾਂ ਤਕ ਭਿਆਨਕ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ।