ਤਬਰੇਜ ਅੰਸਾਰੀ ਦੇ ਪਰਵਾਰ ਨੇ ਕੀਤਾ ਦਾਅਵਾ, ਕੁੱਟ-ਮਾਰ ਤੋਂ ਬਾਅਦ ਦਿੱਤਾ ਗਿਆ ਜ਼ਹਿਰ
ਤਬਰੇਜ਼ ਦੀ ਹੱਤਿਆ ਨੂੰ ਲੈ ਕੇ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਰਘੁਬਰ ਦਾਸ ਤੋਂ ਅਸਤੀਫ਼ੇ ਦੀ ਮੰਗ ਕੀਤੀ
ਝਾਰਖੰਡ- ਝਾਰਖੰਡ ਵਿਚ ਬਾਈਕ ਚੋਰੀ ਦੇ ਸ਼ੱਕ ਵਿਚ ਕੁੱਟ-ਮਾਰ ਕਰ ਕੇ ਮਾਰੇ ਗਏ ਤਬਰੇਜ਼ ਅੰਸਾਰੀ ਦੇ ਰਿਸ਼ਤੇਦਾਰਾ ਦਾ ਦਾਅਵਾ ਹੈ ਕਿ ਉਸ ਨੂੰ ਜ਼ਹਿਰ ਵਾਲਾ ਪਾਣੀ ਪਿਲਾਇਆ ਗਿਆ ਹੈ। ਤਬਰੇਜ਼ ਦੇ ਰਿਸ਼ਤੇਦਾਰ ਮੁਹੰਮਦ ਮਸਰੂਰ ਨੇ ਦੱਸਿਆ ਤਬਰੇਜ ਦੀ ਕੁੱਟ-ਮਾਰ ਕਰਨ ਤੋਂ ਬਾਅਦ ਉਸ ਨੂੰ ਧਤੂਰੇ ਵਾਲਾ ਪਾਣੀ ਦਿੱਤਾ ਗਿਆ ਨਾਲ ਹੀ ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਚਾਰਜ ਸ਼ੀਟ ਤੁਰੰਤ ਦਰਜ ਕਰਨੀ ਚਾਹੀਦੀ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮਾਮਲੇ ਵਿਚ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਕਾਂਗਰਸ, ਝਾਰਖੰਡ ਮੁਕਤੀ ਮੋਰਚਾ, ਰਾਸ਼ਟਰੀ ਜਨਤਾ ਦਲ ਅਤੇ ਖੱਬੇ ਪੱਖੀ ਪਾਰਟੀਆਂ ਨੇ ਸੀਬੀਆਈ ਦੀ ਮੰਗ ਕਰਦੇ ਹੋਏ ਰਾਜ ਭਵਨ ਤੇ ਧਰਨਾ ਦਿੱਤਾ ਹੈ। ਝਾਰਖੰਡ ਰਾਜ ਘੱਟ ਗਿਣਤੀ ਆਯੋਗ ਦੀ ਤਿੰਨ ਮੈਂਬਰੀ ਟੀਮ ਨੇ ਤਬਰੇਜ਼ ਦੇ ਪਿੰਡ ਦਾ ਦੌਰਾ ਵੀ ਕੀਤਾ। ਆਯੋਗ ਦੇ ਰਾਸ਼ਟਰਪਤੀ ਮੁਹੰਮਦ ਕਮਾਲ ਖਾਨ ਨੇ ਕਿਹਾ ਕਿ ਉਹਨਾਂ ਨੇ ਮ੍ਰਿਤਕ ਦੇ ਪਿੰਡ ਦਾ ਦੌਰਾ ਕੀਤਾ ਹੈ ਅਤੇ ਨਾਲ ਹੀ ਘਟਨਾ ਸਥਾਨ ਦਾ ਵੀ ਦੌਰਾ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਮ੍ਰਿਤਕ ਦੇ ਪਰਵਾਰ ਵਾਲਿਆਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਹੈ।
ਤਬਰੇਜ਼ ਦੀ ਹੱਤਿਆ ਨੂੰ ਲੈ ਕੇ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਅਤੇ ਪ੍ਰਦੇਸ਼ ਦੇ ਮੁੱਖ ਮੰਤਰੀ ਰਘੁਬਰ ਦਾਸ ਤੋਂ ਅਸਤੀਫ਼ੇ ਦੀ ਮੰਗ ਕੀਤੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੇ ਕਿਹਾ ਕਿ ਸ਼ਰਮਨਾਕ ਹੈ ਕਿ ਆਗੂਆਂ ਨੂੰ ਇਸ ਮਾਮਲੇ ਵਿਚ ਬੋਲਣ ਲਈ ਹਫ਼ਤਾ ਲੱਗ ਗਿਆ। ਉਮਰ ਨੇ ਕਿਹਾ ਕਿ ਲੋਕਾਂ ਨੂੰ ਸੜਕ ਤੇ ਉਤਰਨ ਦੀ ਲੋੜ ਹੈ ਕਿਉਂਕਿ ਦੋਸ਼ੀਆਂ ਨੂੰ ਰਾਜਨੀਤਿਕ ਸੁਰੱਖਿਆ ਦਿੱਤੀ ਜਾ ਰਹੀ ਹੈ।
ਉਮਰ ਖਾਲਿਦ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਨੇ ਆਪਣੇ ਹੱਥ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਵੀ ਕੀਤੀ ਅਤੇ ਰਘੁਬਰ ਦਾਸ ਤੋਂ ਅਸਤੀਫ਼ੇ ਦੀ ਮੰਗ ਕੀਤੀ। ਦੱਸ ਦੀਏ ਕਿ ਬੀਤੇ ਦਿਨੀਂ ਝਾਰਖੰਡ ਦੇ ਸਰਾਏਕੇਲਾ ਖਸਰਾਵਾਂ ਜ਼ਿਲ੍ਹੇ ਵਿਚ ਭੀੜ ਨੇ ਤਬਰੇਜ਼ ਅੰਸਾਰੀ ਦੀ ਚੋਰੀ ਦੇ ਸ਼ੱਕ ਵਿਚ ਕਥਿਤ ਤੌਰ ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਤਬਰੇਜ਼ ਅੰਸਾਰੀ ਦੀ 17 ਜੂਨ ਨੂੰ ਕੁੱਟ-ਮਾਰ ਕੀਤੀ ਗਈ ਅਤੇ 22 ਜੂਨ ਨੂੰ ਉਸ ਦੀ ਮੌਤ ਹੋ ਗਈ।