ਮਾਬ ਲਿੰਚਿੰਗ ਲਈ ਪੂਰੇ ਝਾਰਖੰਡ ਨੂੰ ਬਦਨਾਮ ਕਰਨਾ ਗ਼ਲਤ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ - ਝਾਰਖੰਡ 'ਚ ਮਾਬ ਲਿੰਚਿੰਗ ਦੀ ਘਟਨਾ ਤੋਂ ਦੁਖੀ ਹਾਂ

Jharkhand mob lynching saddening but why blame entire state : Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ 'ਚ ਮਾਬ ਲਿੰਚਿੰਗ ਦੇ ਮੁੱਦੇ 'ਤੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲਿਆ। ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਮਾਬ ਲਿੰਚਿੰਗ ਜਿਹੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ ਅਤੇ ਇਸ 'ਚ ਜਿਸ ਦੀ ਵੀ ਮੌਤ ਹੋਈ ਹੈ, ਉਸ ਲਈ ਸਾਰਿਆਂ ਨੂੰ ਦੁਖ ਹੈ। ਪਰ ਕੀ ਇਸ ਘਟਨਾ ਲਈ ਪੂਰੇ ਸੂਬੇ ਨੂੰ ਬਦਨਾਮ ਕਰਨਾ ਸਹੀ ਹੈ? 

ਮੋਦੀ ਨੇ ਬੁਧਵਾਰ ਨੂੰ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਧੰਨਵਾਦ ਮਤੇ 'ਤੇ ਰਾਜ ਸਭਾ 'ਚ ਜਵਾਬ ਦਿੱਤਾ। ਮੋਦੀ ਨੇ ਕਿਹਾ ਕਿ ਝਾਰਖੰਡ ਮਾਮਲੇ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜੋ ਬੁਰਾ ਹੋਇਆ ਹੈ, ਜਿਨ੍ਹਾਂ ਨੇ ਬੁਰਾ ਕੀਤਾ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਪਰਾਧ ਹੋਣ 'ਤੇ ਸਹੀ ਰਸਤਾ ਕਾਨੂੰਨ ਅਤੇ ਨਿਆਂ ਹੈ। 

ਮੋਦੀ ਨੇ ਕਿਹਾ, "ਸਾਨੂੰ ਚੰਗੇ ਜਾਂ ਬੁਰੇ ਅਤਿਵਾਦ ਵਿਚਕਾਰ ਅੰਤਰ ਨਹੀਂ ਕਰਨਾ ਚਾਹੀਦਾ। ਸਾਨੂੰ ਝਾਰਖੰਡ, ਬੰਗਾਲ ਜਾਂ ਕੇਰਲ 'ਚ ਜਿੱਥੇ ਵੀ ਹਿੰਸਾ ਹੁੰਦੀ ਹੈ, ਉਥੇ ਹਿੰਸਾ ਦੇ ਸਾਰੇ ਤਰੀਕਿਆਂ ਲਈ ਬਰਾਬਰ ਮਾਪਦੰਡ ਲਾਗੂ ਕਰਨੇ ਚਾਹੀਦੇ ਹਨ। ਇਸ ਨਾਲ ਅਪਰਾਧੀਆਂ ਨੂੰ ਸਪਸ਼ਟ ਸੁਨੇਹਾ ਮਿਲੇਗਾ ਕਿ ਦੇਸ਼ ਉਨ੍ਹਾਂ ਦੇ ਵਿਰੁੱਧ ਹੈ।"

ਕਾਂਗਰਸ ਦੇ ਵਿੰਨਿਆ ਨਿਸ਼ਾਨਾ :
ਮੋਦੀ ਨੇ ਕਿਹਾ ਕਿ 55 ਸਾਲ ਸੱਤਾ 'ਚ ਰਹਿਣ ਵਾਲੀ ਪਾਰਟੀ 17 ਰਾਜਾਂ 'ਚ ਖਾਤਾ ਨਹੀਂ ਖੋਲ੍ਹ ਸਕੀ ਤਾਂ ਕੀ ਦੇਸ਼ ਹਾਰ ਗਿਆ। 'ਤੁਸੀਂ ਤਾਂ ਜਿੱਤ ਗਏ ਪਰ ਦੇਸ਼ ਹਾਰ ਗਿਆ' ਜਿਵੇਂ ਸ਼ਬਦ ਦੀ ਵਰਤੋਂ ਕਰਨਾ ਦੇਸ਼ ਦੀ ਜਨਤਾ ਦਾ ਹੀ ਅਪਮਾਨ ਹੈ। ਮੋਦੀ ਨੇ ਕਿਹਾ ਕਿ ਕੀ ਵਾਇਨਾਡ 'ਚ ਹਿੰਦੁਸਤਾਨ ਹਾਰ ਗਿਆ, ਕੀ ਰਾਏਬਰੇਲੀ 'ਚ ਹਿੰਦੁਸਤਾਨ ਹਾਰ ਗਿਆ ਜਾਂ ਫਿਰ ਅਮੇਠੀ 'ਚ ਹਿੰਦੁਸਤਾਨ ਹਾਰ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਮੰਨਣਾ ਹੈ ਕਿ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ, ਇਹ ਬਿਲਕੁਲ ਗਲਤ ਸੋਚ ਹੈ। ਕੀ ਕਾਂਗਰਸ ਦਾ ਮਤਲਬ ਦੇਸ਼ ਹੋ ਚੱਲਿਆ ਹੈ।