ਭਾਰਤ ਵਿਚ ਕੋਰੋਨਾ ਦੇ ਮਾਮਲੇ 5 ਲੱਖ ਤੋਂ ਪਾਰ, ਕੁਝ ਸੂਬਿਆਂ ਵਿਚ ਵਧਿਆ ਲੌਕਡਾਊਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਵਾਇਰਸ ਦੌਰਾਨ ਸ਼ੁੱਕਰਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਚਲੀ ਗਈ ਹੈ।

Covid 19

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦੌਰਾਨ ਸ਼ੁੱਕਰਵਾਰ ਨੂੰ ਕੁੱਲ ਮਾਮਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਚਲੀ ਗਈ ਹੈ। ਮਹਾਰਾਸ਼ਟਰ ਵਿਚ ਪੰਜ ਹਜ਼ਾਰ ਤਾਜ਼ਾ ਮਾਮਲੇ ਸਾਹਮਣੇ ਆਏ ਜਦਕਿ ਨਵੀਂ ਦਿੱਲੀ ਵਿਚ 3460 ਤਾਜ਼ਾ ਮਾਮਲੇ ਸਾਹਮਣੇ ਆਏ। ਰਾਸ਼ਟਰੀ ਰਾਜਧਾਨੀ ਵਿਚ ਇਸ ਤੋਂ ਬਾਅਦ ਕੁੱਲ਼ ਮਾਮਲੇ ਵਧ ਕੇ 77,000 ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਚ ਹੁਣ ਤੱਕ 2,492 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।

ਉੱਥੇ ਹੀ ਕੁਝ ਸੂਬਿਆਂ ਵਿਚ ਕੋਰੋਨਾ ਦੇ ਵਧਦੇ  ਮਾਮਲਿਆਂ ਦੀ ਸਥਿਤੀ ਕਾਬੂ ਕਰਨ ਲਈ ਲੌਕਡਾਊਨ ਅਤੇ ਪਾਬੰਧੀਆਂ ਦਾ ਐਲਾਨ ਕੀਤਾ ਗਿਆ। ਅਸਮ ਦੇ ਗੁਵਾਹਟੀ ਵਿਚ 14 ਦਿਨ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਝਾਰਖੰਡ ਸਰਕਾਰ ਨੇ ਵੀ ਲੌਕਡਾਊਨ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਤਾਲਾਬੰਦੀ 31 ਜੁਲਾਈ 2020 ਤੱਕ ਲਾਗੂ ਰਹੇਗੀ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ।

ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਸੀਐਮ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ 31 ਜੁਲਾਈ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।  ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਸ਼ੁੱਕਰਵਾਰ ਨੂੰ ਸੱਤ ਮਹੀਨੇ ਦੇ ਨਵਜੰਮੇ ਬੱਚੇ ਸਮੇਤ ਦੋ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 425  ਹੋ ਗਈ ਹੈ।

ਦੱਸ ਦਈਏ ਕਿ 24 ਘੰਟਿਆਂ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿਚ ਸਭ ਤੋਂ ਜ਼ਿਆਦਾ ਵਾਧਾ ਸ਼ੁੱਕਰਵਾਰ ਨੂੰ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ ਇਕ ਦਿਨ ਦੇ ਮਾਮਲੇ ਵਧ ਕੇ 17,000 ਤੋਂ ਪਾਰ ਪਹੁੰਚ ਗਏ ਹਨ। ਸਵੇਰੇ ਅੱਠ ਵਜੇ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਵਿਟ ਇਕ ਦਿਨ ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ 17,296 ਮਾਮਲੇ ਸਾਹਮਣੇ ਆਏ ਸੀ। ਇਸ ਦੌਰਾਨ ਮਹਾਂਮਾਰਰੀ ਨਾਲ 407 ਮਰੀਜਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 15,301 ਤੱਕ ਪਹੁੰਚ ਗਈ ਹੈ।