ਕਰੰਟ ਨਾਲ ਮੌਤ ਦਾ ਮਾਮਲਾ : ਐਨ.ਐਚ.ਆਰ.ਸੀ. ਨੇ ਰੇਲਵੇ ਬੋਰਡ, ਦਿੱਲੀ ਸਰਕਾਰ ਅਤੇ ਪੁਲਿਸ ਕਮਿਸ਼ਨਰ ਤੋਂ ਜਵਾਬ ਤਲਬ ਕੀਤਾ
ਕਿਹਾ, ਨਿਗਮ ਅਤੇ ਬਿਜਲੀ ਪ੍ਰਸ਼ਾਸਨ ਨਾਲ ਹੀ ਭਾਰਤੀ ਰੇਲ ਵੀ ਇਸ ਤਰ੍ਹਾਂ ਦੀ ਕੁਤਾਹੀ ਨੂੰ ਲੈ ਕੇ ਚੌਕਸ ਰਹਿਣ ’ਚ ਅਸਫ਼ਲ ਦਿਸ ਰਹੀ ਹੈ
ਨਵੀਂ ਦਿੱਲੀ: ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕਰੰਟ ਲੱਗਣ ਨਾਲ ਇਕ ਔਰਤ ਦੀ ਮੌਤ ਦੇ ਮਾਮਲੇ ’ਚ ਰੇਲਵੇ ਬੋਰਡ ਦੇ ਮੁਖੀ, ਦਿੱਲੀ ਸਰਕਾਰ ਅਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ।
ਬੀਤੇ ਐਤਵਾਰ ਦੀ ਸਵੇਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਗੇਟ ਨੰਬਰ ਇਕ ਨੇੜੇ ਜਦੋਂ 34 ਸਾਲਾਂ ਦੀ ਸਾਕਸ਼ੀ ਆਹੂਜਾ ਚੰਡੀਗੜ੍ਹ ਜਾਣ ਲਈ ਇਕ ਰੇਲ ਗੱਡੀ ’ਚ ਸਵਾਰ ਹੋਣ ਜਾ ਰਹੀ ਸੀ ਤਾਂ ਉਸ ਨਾਲ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਬਟਾਲਾ ਵਿਖੇ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਖੇਤਾਂ 'ਚ ਪਲਟੀ ਨਿਜੀ ਬੱਸ
ਸ਼ੁਰੂਆਤੀ ਜਾਂਚ ਅਨੁਸਾਰ ਆਹੂਜਾ ਮੀਂਹ ’ਚ ਰੇਲ ਗੱਡੀ ਫੜਨ ਜਾ ਰਹੀ ਸੀ ਕਿ ਸੰਤੁਲਨ ਵਿਗੜਨ ਕਾਰਨ ਉਹ ਡਿੱਗ ਪਈ। ਜਦੋਂ ਉਸ ਨੇ ਖ਼ੁਦ ਨੂੰ ਸੰਭਾਲਣ ਲਈ ਬਿਜਲੀ ਦੇ ਇਕ ਖੰਭੇ ਨੂੰ ਫੜਿਆ, ਤਾਂ ਉਹ ਉਥੇ ਪਏ ਨੰਗੇ ਤਾਰ ਦੇ ਸੰਪਰਕ ’ਚ ਆ ਗਈ। ਉਹ ਅਪਣੇ ਪ੍ਰਵਾਰ ਨਾਲ ਚੰਡੀਗੜ੍ਹ ਜਾ ਰਹੀ ਸੀ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਨਿਗਮ ਅਤੇ ਬਿਜਲੀ ਪ੍ਰਸ਼ਾਸਨ ਨਾਲ ਹੀ ਭਾਰਤੀ ਰੇਲ ਵੀ ਇਸ ਤਰ੍ਹਾਂ ਦੀ ਕੁਤਾਹੀ ਨੂੰ ਲੈ ਕੇ ਚੌਕਸ ਰਹਿਣ ’ਚ ਅਸਫ਼ਲ ਦਿਸ ਰਹੀ ਹੈ।