ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਦਾ 150 ਕਰੋੜ ਦਾ ‘ਬੇਨਾਮੀ’ ਹੋਟਲ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਨੇ ਕਿਹਾ ਕਿ ਹੋਟਲ ਦੀਆਂ ਅਚੱਲ ਸੰਪਤੀਆਂ ਕੁਲਦੀਪ ਬਿਸ਼ਨੋਈ ਅਤੇ ਚੰਦਰ ਮੋਹਨ (ਬਿਸ਼ਨੋਈ ਦਾ ਭਰਾ) ਦੀਆਂ ਬੇਨਾਮੀ ਸੰਪਤੀਆਂ ਹਨ।

IT attaches Rs 150 crore worth 'benami' hotel of Congress leader Kuldeep Bishnoi

ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਹਰਿਆਣਾ ਦੇ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਅਤੇ ਉਸ ਦੇ ਭਰਾ ਦੇ ਗੁੜਗਾਉਂ ਵਾਲੇ ਹੋਟਲ ਨੂੰ ਬੇਨਾਮੀ ਸੰਪਤੀ ਵਜੋਂ ਜ਼ਬਤ ਕਰ ਲਿਆ ਹੈ। ਇਹ ਹੋਟਲ ਮਹਿੰਗੇ ਕਾਰੋਬਾਰੀ ਇਲਾਕੇ ਵਿਚ ਹੈ ਅਤੇ ਇਸ ਦੀ ਕੀਮਤ 150 ਕਰੋੜ ਰੁਪਏ ਤੈਅ ਕੀਤੀ ਗਈ ਹੈ। ਸੀਨੀਅਰ ਅਧਿਕਾਰੀਆਂ ਨੇ ਦਸਿਆ ਕਿ ਇਹ ਕਾਰਵਾਈ ਬੇਨਾਮੀ ਸੰਪਤੀ ਵਿਰੋਧੀ ਕਾਨੂੰਨ ਤਹਿਤ ਕੀਤੀ ਗਈ ਹੈ। ਹੁਕਮ ਮੁਤਾਬਕ ਜ਼ਬਤ ਕੀਤੀ ਗਈ ਸੰਪਤੀ ਬਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਮ ਹੈ।

ਇਸ ਦੀ ਪਛਾਣ ਬ੍ਰਿਸਟਲ ਹੋਟਲ ਵਜੋਂ ਕੀਤੀ ਗਈ ਹੈ ਜਿਹੜਾ ਡੀਐਲਐਫ਼ ਫ਼ੇਜ਼ 1 ਵਿਚ ਪੈਂਦਾ ਹੈ। ਵਿਭਾਗ ਨੇ ਜਾਂਚ ਦੇ ਸਿਲਸਿਲੇ ਵਿਚ 23 ਜੁਲਾਈ ਨੂੰ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਬਿਸ਼ਨੋਈ ਨਾਲ ਜੁੜੇ 13 ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਆਮਦਨ ਕਰ ਸੂਤਰਾਂ ਨੇ ਦਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜ਼ਬਤ ਕੀਤੀ ਗਈ ਕੰਪਨੀ ਵਿਚ 34 ਫ਼ੀ ਸਦੀ ਹਿੱਸਾ ਵਿਖਾਵੇ ਦੀ ਕੰਪਨੀ ਦੇ ਨਾਮ ਹੈ ਜਿਹੜੀ ਕਰ ਚੋਰਾਂ ਨੂੰ ਪਨਾਹਗਾਹ ਮੰਨੇ ਜਾਣ ਵਾਲੇ ਵਿਦੇਸ਼ੀ ਖੇਤਰ ‘ਬ੍ਰਿਟਿਸ਼ ਵਰਜ਼ਿਨ ਆਈਲੈਂਡ’ ਵਿਚ ਪੰਜੀਕ੍ਰਿਤ ਹੈ ਅਤੇ ਇਸ ਨੂੰ ਯੂਏਈ ਤੋਂ ਚਲਾਇਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਹੋਟਲ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਤੇ ਉਸ ਦੀ ਮਾਲਕੀ ਵਾਲੇ ਹੋਟਲ ਦੀਆਂ ਅਚੱਲ ਸੰਪਤੀਆਂ ਕੁਲਦੀਪ ਬਿਸ਼ਨੋਈ ਅਤੇ ਚੰਦਰ ਮੋਹਨ (ਬਿਸ਼ਨੋਈ ਦਾ ਭਰਾ) ਦੀਆਂ ਬੇਨਾਮੀ ਸੰਪਤੀਆਂ ਹਨ। ਬੇਨਾਮੀ ਸੰਪਤੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਦਾ ਅਸਲ ਲਾਭਪਾਤਰੀ ਉਹ ਨਹੀਂ ਹੁੁੰਦਾ ਜਿਸ ਦੇ ਨਾਮ ’ਤੇ ਉਹ ਪੰਜੀਕ੍ਰਿਤ ਹੁੰਦੀ ਹੈ। ਦੋਵੇਂ ਭਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦੇ ਬੇਟੇ ਹਨ। ਬਿਸ਼ਨੋਈ ਆਦਮਪੁਰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦਾ ਵਿਧਾਇਕ ਹੈ ਜਦਕਿ ਚੰਦਰ ਮੋਹਨ ਰਾਜ ਦਾ ਸਾਬਕਾ ਉਪ ਮੁੱਖ ਮੰਤਰੀ ਹੈ।