ਮਾਇਆਵਤੀ ਦੇ ਭਰਾ ਦਾ 400 ਕਰੋੜ ਦਾ ਬੇਨਾਮੀ ਪਲਾਟ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਸਪਾ ਮੁਖੀ ਤਕ ਪਹੁੰਚ ਸਕਦੀ ਹੈ ਜਾਂ

IT dept attaches benami property of Mayawati's brother worth Rs 400 crore

ਨਵੀਂ ਦਿੱਲੀ : ਆਮਦਨ ਵਿਭਾਗ ਨੇ ਬਸਪਾ ਮੁਖੀ ਮਾਇਆਵਤੀ ਦੇ ਭਰਾ ਅਤੇ ਭਾਬੀ ਦਾ ਨੋਇਡਾ ਵਾਲਾ 400 ਕਰੋੜ ਰੁਪਏ ਦਾ ਬੇਨਾਮੀ ਪਲਾਟ ਜ਼ਬਤ ਕੀਤਾ ਹੈ। ਅਧਿਕਾਰਤ ਹੁਕਮ ਮੁਤਾਬਕ ਆਨੰਦ ਕੁਮਾਰ ਅਤੇ ਉਸ ਦੀ ਪਤਨੀ ਵਿਚਿਤਰ ਲਤਾ ਦੇ 'ਲਾਭਕਾਰੀ ਮਾਲਕਾਨਾ ਹੱਕ' ਵਾਲੇ ਸੱਤ ਏਕੜ ਦੇ ਪਲਾਟ ਨੂੰ ਜ਼ਬਤ ਕਰਨ ਦਾ ਹੁਕਮ ਵਿਭਾਗ ਦੀ ਦਿੱਲੀ ਇਕਾਈ ਨੇ 16 ਜੁਲਾਈ ਨੂੰ ਜਾਰੀ ਕੀਤਾ ਸੀ।

ਮਾਇਆਵਤੀ ਨੇ ਹਾਲ ਹੀ ਵਿਚ ਕੁਮਾਰ ਨੂੰ ਬਹੁਜਨ ਸਮਾਜ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਹੁਕਮ ਮੁਤਾਬਕ ਜ਼ਬਤ ਕੀਤੀ ਗਈ ਸੰਪਤੀ ਨੂੰ ਕੁਮਾਰ ਅਤੇ ਉਸ ਦੀ ਪਤਨੀ ਦੀ ਬੇਨਾਮੀ ਸੰਪਤੀ ਸਮਝਿਆ ਜਾਵੇਗਾ ਜੋ 28,328.07 ਵਰਗ ਮੀਟਰ ਜਾਂ ਕਰੀਬ ਸੱਤ ਏਕੜ ਵਿਚ ਫੈਲੀ ਹੈ। ਹੁਕਮ ਵਿਚ ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 400 ਕਰੋੜ ਰੁਪਏ ਹੈ। ਕਾਨੂੰਨ ਮੁਤਾਬਕ ਬੇਨਾਮੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਸੱਤ ਸਾਲ ਸਖ਼ਤ ਕੈਦ ਅਤੇ ਬੇਨਾਮੀ ਸੰਪਤੀ ਦੇ ਬਾਜ਼ਾਰ ਵਿਚ ਕੀਮਤ ਦਾ 25 ਫ਼ੀ ਸਦੀ ਜੁਰਮਾਨੇ ਦੇ ਤੌਰ 'ਤੇ ਵੀ ਦੇਣਾ ਪੈ ਸਕਦਾ ਹੈ।

ਆਮਦਨ ਵਿਭਾਗ ਦੇ ਸੂਤਰਾਂ ਦਾ ਦਾਅਵਾ ਹੈ ਕਿ ਆਨੰਦ ਕੁਮਾਰ ਦੀਆਂ ਕੁੱਝ ਸੰਪਤੀਆਂ ਅਤੇ ਬੇਨਾਮੀ ਸੰਪਤੀਆਂ ਉਨ੍ਹਾਂ ਕੋਲ ਹੈ ਜਿਨ੍ਹਾਂ ਨੂੰ ਭਵਿੱਖ ਵਿਚ ਜ਼ਬਤ ਕੀਤਾ ਜਾ ਸਕਦਾ ਹੈ। ਆਨੰਦ ਕੁਮਾਰ ਵਿਰੁਧ ਹੋਈ ਇਸ ਕਾਰਵਾਈ ਦੀ ਜਾਂਚ ਮਾਇਆਵਤੀ ਤਕ ਪੁੱਜ ਸਕਦੀ ਹੈ। ਇਸ ਮਾਮਲੇ ਦੀ ਜਾਂਚ ਆਮਦਨ ਵਿਭਾਗ ਤੋਂ ਇਲਾਵਾ ਇਨਫ਼ਫ਼ੋਰਸਮੈਂਟ ਡਾਇਰੈਕਟੋਰੇਟ ਵੀ ਕਰ ਰਹੀ ਹੈ।

ਮਾਇਆਵਤੀ ਦੇ ਭਰਾ ਦੀ 1300 ਕਰੋੜ ਰੁਪਏ ਦੀ ਸੰਪਤੀ ਦੀ ਜਾਂਚ ਚੱਲ ਰਹੀ ਹੈ। ਵਿਭਾਗ ਨੇ ਅਪਣੀ ਜਾਂਚ ਵਿਚ ਦੋਸ਼ ਲਾਇਆ ਹੈ ਕਿ ਆਨੰਦ ਕੁਮਾਰ ਦੀ ਸੰਪਤੀ ਵਿਚ 2007 ਤੋਂ 2014 ਤਕ ਲਗਭਗ 1800 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਸ ਦੀ ਸੰਪਤੀ 7.1 ਕਰੋੜ ਰੁਪਏ ਤੋਂ ਵੱਧ ਕੇ 1300 ਕਰੋੜ ਰੁਪਏ ਹੋ ਗਈ। 12 ਕੰਪਨੀਆਂ ਆਮਦਨ ਵਿਭਾਗ ਦੀ ਜਾਂਚ ਦੇ ਦਾਇਰੇ ਵਿਚ ਹਨ ਜਿਨ੍ਹਾਂ ਵਿਚ ਆਨੰਦ ਕੁਮਾਰ ਡਾਇਰੈਕਟਰ ਹੈ।