ਘੀ ਦੇ ਡੱਬਿਆਂ ’ਚੋਂ ਨਿਕਲੇ 26 ਪਿਸਤੌਲ
ਖੁੱਲ੍ਹੀਆਂ ਰਹਿ ਗਈਆਂ ਪੁਲਿਸ ਦੀਆਂ ਅੱਖਾਂ, ਪੁਲਿਸ ਨੇ ਦੋ ਜਣਿਆਂ ਨੂੰ ਕੀਤਾ ਗਿ੍ਰਫ਼ਤਾਰ
ਯੂਪੀ- ਡ੍ਰੋਨਾਂ ਰਾਹੀਂ ਹਥਿਆਰ ਸਪਲਾਈ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਹੁਣ ਘੀ ਦੇ ਡੱਬਿਆਂ ਵਿਚ ਹਥਿਆਰ ਸਪਲਾਈ ਕੀਤੇ ਜਾਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਕਿ ਡ੍ਰੋਨਾਂ ਵਾਲਾ ਮਾਮਲਾ ਪਾਕਿਸਤਾਨ ਨਾਲ ਜੁੜਿਆ ਹੋਇਆ ਸੀ ਪਰ ਇਹ ਮਾਮਲਾ ਯੂਪੀ ਨਾਲ ਜੁੜਿਆ ਹੋਇਆ ਵੀ ਹੈ। ਦਿੱਲੀ ਪੁਲਿਸ ਵੀ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਸ ਨੇ ਘੀ ਦੇ ਡੱਬਿਆਂ ਵਿਚੋਂ ਦੋ-ਚਾਰ ਨਹੀਂ ਬਲਕਿ 26 ਪਿਸਟਲ ਬਰਾਮਦ ਕੀਤੇ।
ਪੁਲਿਸ ਨੇ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਘੀ ਦੇ ਡੱਬੇ ਲਿਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਜਦੋਂ ਘੀ ਦੇ ਡੱਬਿਆਂ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 26 ਪਿਸਟਲ ਅਤੇ ਮੈਗਜ਼ੀਨ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਜਿਤੇਂਦਰ ਸਿੰਘ ਉਰਫ਼ ਜੀਤੂ ਅਤੇ ਆਗਰਾ ਦੇ ਰਾਜ ਬਹਾਦਰ ਦੇ ਰੂਪ ਵਿਚ ਹੋਈ ਹੈ। ਜਿਨ੍ਹਾਂ ਨੂੰ ਪੁਲਿਸ ਨੇ ਗਾਜ਼ੀਪੁਰ ਤੋਂ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਇਹ ਗਿਰੋਹ ਇਸ ਤੋਂ ਪਹਿਲਾਂ ਵੀ ਕਈ ਵਾਰ ਦਿੱਲੀ ਵਿਚ ਹਥਿਆਰਾਂ ਦੀ ਸਪਲਾਈ ਕਰ ਚੁੱਕਿਆ ਹੈ।
ਇਹ ਦੋਵੇਂ ਵਿਅਕਤੀ ਕਾਰ ਰਾਹੀਂ ਇਨ੍ਹਾਂ ਹਥਿਆਰਾਂ ਨੂੰ ਘੀ ਦੇ ਡੱਬਿਆਂ ਵਿਚ ਛੁਪਾ ਕੇ ਲਿਜਾ ਰਹੇ ਸਨ। ਫੜੇ ਗਏ ਮੁਲਜ਼ਮ ਆਪਸ ਵਿਚ ਰਿਸ਼ਤੇਦਾਰ ਹਨ। ਜਿਤੇਂਦਰ ਸਿੰਘ ਨੇ ਮੰਨਿਆ ਕਿ ਉਹ 2013 ਵਿਚ ਇਕ ਪਿੰਡ ਦੇ ਹਥਿਆਰ ਸਪਲਾਇਰ ਰਾਜੂ ਦੇ ਸੰਪਰਕ ਵਿਚ ਆ ਗਿਆ ਸੀ। ਉਸ ਨੇ ਰਾਜੂ ਨਾਲ ਮਿਲ ਕੇ ਕਈ ਵਾਰ ਹਥਿਆਰ ਸਪਲਾਈ ਕੀਤੇ। ਜਦੋਂ ਉਸ ਨੇ ਦੇਖਿਆ ਕਿ ਇਸ ਕੰਮ ਵਿਚ ਚੰਗਾ ਪੈਸਾ ਮਿਲਦਾ ਹੈ ਤਾਂ ਉਹ ਸੇਂਧਵਾ ਅਤੇ ਖਰਗੋਨ ਤੋਂ ਹਥਿਆਰ ਲਿਆ ਕੇ ਖ਼ੁਦ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿਚ ਸਪਲਾਈ ਕਰਨ ਲੱਗਿਆ।
ਕੁੱਝ ਸਮੇਂ ਬਾਅਦ ਉਸ ਦਾ ਰਿਸ਼ਤੇਦਾਰ ਰਾਜ ਬਹਾਦਰ ਵੀ ਇਸ ਧੰਦੇ ਵਿਚ ਆ ਗਿਆ। ਉਸ ਨੂੰ ਫਾਇਦੇ ਵਿਚ 20 ਫ਼ੀਸਦੀ ਹਿੱਸਾ ਦੇਣ ਦਾ ਲਾਲਚ ਦਿੱਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਦਿੱਲੀ ਅਤੇ ਐਨਸੀਆਰ ਵਿਚ ਅਪਰਾਧੀਆਂ ਨਾਲ ਸੰਪਰਕ ਬਣਾ ਲਏ ਅਤੇ ਫਿਰ ਦੋਵੇਂ ਇੱਥੇ ਹਥਿਆਰ ਸਪਲਾਈ ਕਰਨ ਲੱਗੇ। ਉਹ ਇਕ ਇਕ ਪਿਸਤੌਲ ਨੂੰ 8 ਤੋਂ 10 ਹਜ਼ਾਰ ਰੁਪਏ ਵਿਚ ਖ਼ਰੀਦਦੇ ਸਨ, ਜਿਸ ਨੂੰ ਦਿੱਲੀ ਵਿਚ 20 ਤੋਂ 25 ਹਜ਼ਾਰ ਰੁਪਏ ਵਿਚ ਵੇਚਿਆ ਜਾਂਦਾ ਸੀ।