ਅਮਰੀਕਾ 'ਚ ਇਕ ਵਿਅਕਤੀ ਦੇ ਘਰੋਂ ਮਿਲੀਆਂ 1000 ਰਾਈਫ਼ਲਾਂ ਤੇ ਪਿਸਤੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਇਕ ਵਿਅਕਤੀ ਘਰੋਂ ਮਿਲਿਆ ਅਸਲੇ ਦਾ ਭੰਡਾਰ

1000 rifles and pistols found from a person's home in the US

ਅਮਰੀਕਾ: ਅਮਰੀਕਾ ਵਿਚ ਗੰਨ ਕਲਚਰ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਲਾਸ ਏਂਜਲਸ ਵਿਖੇ ਸਥਿਤ ਇਕ ਘਰ ਤੋਂ ਦੋ-ਚਾਰ ਨਹੀਂ ਬਲਕਿ ਇਕ ਹਜ਼ਾਰ ਰਾਈਫ਼ਲਾਂ ਤੇ ਪਿਸਤੌਲ ਜ਼ਬਤ ਕੀਤੇ ਹਨ। ਪੁਲਿਸ ਨੇ ਇਹ ਕਾਰਵਾਈ ਸ਼ੱਕੀ ਵਿਅਕਤੀ ਵਿਰੁਧ ਸਰਚ ਵਾਰੰਟ ਹਾਸਲ ਕਰਕੇ ਕੀਤੀ ਪਰ ਜਦੋਂ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਤਾਂ ਉਸ ਦੇ ਘਰੋਂ ਗ਼ੈਰਕਾਨੂੰਨੀ ਅਸਲੇ ਦਾ ਵੱਡਾ ਭੰਡਾਰ ਮਿਲਿਆ।

ਇਕ ਰਿਪੋਰਟ ਅਨੁਸਾਰ ਇਕ ਫੁਟੇਜ਼ ਵਿਚ ਹੋਲੰਬੀ ਹਿਲਸ ਸਥਿਤ ਇਕ ਘਰ ਵਿਚ ਐਂਟਰੀ ਮਾਰਗ 'ਤੇ ਸੈਂਕੜੇ ਰਾਈਫ਼ਲਾਂ ਖਿਲਰੀਆਂ ਦਿਖਾਈਆਂ ਦਿੱਤੀਆਂ। ਜਿਨ੍ਹਾਂ ਨੂੰ ਪੁਲਿਸ ਨੇ ਅਪਣੇ ਕਬਜ਼ੇ ਵਿਚ ਲੈ ਲਿਆ। ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਜੇਫ ਲੀ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਵਿਰੁੱਧ ਸਰਚ ਵਾਰੰਟ ਸ਼ਰਾਬ, ਤੰਬਾਕੂ ਅਤੇ ਧਮਾਕਾ ਬਿਊਰੋ ਦੇ ਏਜੰਟਾਂ ਅਤੇ ਲਾਸ ਏਂਜਲਸ ਪੁਲਿਸ ਡਿਪਾਰਟਮੈਂਟ ਦੇ ਕਰਮਚਾਰੀਆਂ ਵਲੋਂ ਜਾਰੀ ਕੀਤਾ ਗਿਆ ਸੀ।

ਹਥਿਆਰਾਂ ਵਿਚ ਪਿਸਤੌਲ ਤੋਂ ਲੈ ਕੇ ਵੱਡੀ ਗਿਣਤੀ ਵਿਚ ਰਾਇਫਲਾਂ ਸ਼ਾਮਲ ਹਨ। ਸਾਲ 2015 ਵਿਚ ਵੀ ਇਕ ਘਰ ਤੋਂ 1200 ਬੰਦੂਕਾਂ, 7 ਟਨ ਗੋਲਾ ਬਾਰੂਦ ਅਤੇ 2,30,000 ਡਾਲਰ ਨਕਦੀ ਜ਼ਬਤ ਕੀਤੀ ਸੀ। ਐਲਏਪੀਡੀ ਨੇ ਕਿਹਾ ਕਿ ਘਰ ਦੇ ਮਾਲਕ ਦੀ ਕੁਦਰਤੀ ਕਾਰਨਾਂ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਘਰ ਦੇ ਬਾਹਰ ਇਕ ਵਾਹਨ ਵਿਚ ਮਿਲੀ ਸੀ। ਉਸ ਸਮੇਂ ਘਰ ਤੋਂ ਬਰਾਮਦ ਹਥਿਆਰਾਂ ਦੀ ਮਾਤਰਾ ਨੂੰ ਵੇਖਦੇ ਹੋਏ ਉਸ ਨੂੰ ਸਭ ਤੋਂ ਵੱਡੀ ਜ਼ਬਤੀ ਮੰਨਿਆ ਗਿਆ ਸੀ।


ਦਸ ਦਈਏ ਕਿ ਅਮਰੀਕਾ ਵਿਚ ਗੋਲੀਬਾਰੀ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਘਟਨਾਵਾਂ ਦੇ ਚਲਦਿਆਂ ਅਮਰੀਕਾ ਵਿਚ ਗੰਨ ਕੰਟਰੋਲ ਕਾਨੂੰਨ ਦੀ ਮੰਗ ਤੇਜ਼ੀ ਨਾਲ ਉਠ ਰਹੀ ਹੈ। ਅਮਰੀਕੀ ਪੁਲਿਸ ਦੇ ਇਸ ਕਦਮ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।