ਬਲਾਤਕਾਰ ਦਾ ਸ਼ਿਕਾਰ ਹੋਈ ਏਅਰ ਹੋਸਟੈਸ ਨੇ ਦੋਸ਼ੀ ਨੂੰ ਕਮਰੇ 'ਚ ਬੰਦ ਕਰਕੇ 112 'ਤੇ ਕਰ ਦਿੱਤੀ ਕਾਲ
ਪੀੜਤਾ ਨੇ ਦੱਸਿਆ ਕਿ ਹਰਜੀਤ ਯਾਦਵ ਜਿਸ ਨੂੰ ਉਹ ਪਿਛਲੇ ਡੇਢ ਮਹੀਨੇ ਤੋਂ ਜਾਣਦੀ ਸੀ, ਨਸ਼ੇ ਦੀ ਹਾਲਤ 'ਚ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਮਹਿਰੌਲੀ ਖੇਤਰ ਵਿੱਚ ਇੱਕ ਏਅਰ ਹੋਸਟੈਸ ਨਾਲ ਉਸ ਦੇ ਇੱਕ ਜਾਣਕਾਰ ਵੱਲੋਂ ਉਸ ਦੇ ਘਰ ਵਿੱਚ ਹੀ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੀ ਖ਼ਬਰ ਆਈ ਹੈ। ਮੁਲਜ਼ਮ ਹਰਜੀਤ ਯਾਦਵ ਵਾਸੀ ਖਾਨਪੁਰ ਇਲਾਕੇ ਤੋਂ ਇੱਕ ਸਿਆਸੀ ਪਾਰਟੀ ਦਾ ਬਲਾਕ ਪ੍ਰਧਾਨ ਹੈ, ਅਤੇ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ) ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਤਵਾਰ 25 ਸਤੰਬਰ ਨੂੰ ਮਹਿਰੌਲੀ ਪੁਲਿਸ ਸਟੇਸ਼ਨ ਨੂੰ ਬਲਾਤਕਾਰ ਸੰਬੰਧੀ ਪੀਸੀਆਰ ਕਾਲ ਪ੍ਰਾਪਤ ਹੋਈ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪੀੜਤਾ ਨੇ ਦੱਸਿਆ ਕਿ ਹਰਜੀਤ ਯਾਦਵ ਜਿਸ ਨੂੰ ਉਹ ਪਿਛਲੇ ਡੇਢ ਮਹੀਨੇ ਤੋਂ ਜਾਣਦੀ ਸੀ, ਨਸ਼ੇ ਦੀ ਹਾਲਤ 'ਚ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਲੜਕੀ ਦੇ ਬਿਆਨ ਦੇ ਆਧਾਰ 'ਤੇ, ਇਸ ਮਾਮਲੇ 'ਚ ਭਾਰਤੀ ਦੰਡਾਵਲੀ ਦੀ ਧਾਰਾ 376 (ਬਲਾਤਕਾਰ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣ), 509 (ਕਿਸੇ ਔਰਤ ਦੀ ਮਰਿਆਦਾ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਸ਼ਬਦ, ਇਸ਼ਾਰੇ ਜਾਂ ਕੰਮ) ਅਤੇ 377 (ਗ਼ੈਰ-ਕੁਦਰਤੀ ਅਪਰਾਧ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀਆਂ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।