ਬ੍ਰਹਮੋਸ ਏਅਰੋਸਪੇਸ ਸਾਬਕਾ ਅਗਨੀਵੀਰਾਂ ਲਈ ਅਹੁਦਿਆਂ ਨੂੰ ਰਾਖਵਾਂ ਰੱਖੇਗੀ
ਤਕਨੀਕੀ ਅਤੇ ਆਮ ਪ੍ਰਸ਼ਾਸਨ ’ਚ ਘੱਟੋ-ਘੱਟ 15 ਫ਼ੀ ਸਦੀ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ
ਨਵੀਂ ਦਿੱਲੀ : ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲ ਬਣਾਉਣ ਵਾਲੀ ਬ੍ਰਾਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨੇ ਕੰਪਨੀ ਦੀਆਂ ਤਕਨੀਕੀ, ਪ੍ਰਸ਼ਾਸਨਿਕ ਅਤੇ ਸੁਰੱਖਿਆ ਬ੍ਰਾਂਚਾਂ ’ਚ ਸਾਬਕਾ ਅਗਨੀਵੀਰਾਂ ਲਈ ਅਸਾਮੀਆਂ ਰਾਖਵੀਆਂ ਕਰਨ ਦਾ ਫੈਸਲਾ ਕੀਤਾ ਹੈ। ਬ੍ਰਹਮੋਸ ਏਅਰੋਸਪੇਸ ਭਾਰਤ ਅਤੇ ਰੂਸ ਦਾ ਸੰਯੁਕਤ ਉੱਦਮ ਹੈ।
ਬ੍ਰਹਮੋਸ ਏਅਰੋਸਪੇਸ ਰੱਖਿਆ ਖੇਤਰ ਦੀ ਪਹਿਲੀ ਮੋਹਰੀ ਕੰਪਨੀ ਹੈ ਜਿਸ ਨੇ ਵੱਖ-ਵੱਖ ਖੇਤਰਾਂ ’ਚ ਅਗਨੀਵੀਰਾਂ ਲਈ ਖਾਲੀ ਅਸਾਮੀਆਂ ਦੇ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਇਕ ਦਫਤਰੀ ਹੁਕਮ ’ਚ ਕਿਹਾ ਗਿਆ ਹੈ ਕਿ ਤਕਨੀਕੀ ਅਤੇ ਆਮ ਪ੍ਰਸ਼ਾਸਨ ’ਚ ਘੱਟੋ-ਘੱਟ 15 ਫ਼ੀ ਸਦੀ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ।
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਆਊਟਸੋਰਸਿੰਗ ਕਾਰਜਾਂ ਸਮੇਤ ਪ੍ਰਸ਼ਾਸਨਿਕ ਅਤੇ ਸੁਰੱਖਿਆ ਭੂਮਿਕਾਵਾਂ ਵਿਚ 50 ਫੀ ਸਦੀ ਅਸਾਮੀਆਂ ਉਨ੍ਹਾਂ ਲਈ ਰਾਖਵੀਆਂ ਹੋਣਗੀਆਂ। ਦਫਤਰ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਬ੍ਰਹਮੋਸ ਅਪਣੇ 200 ਤੋਂ ਵੱਧ ਉਦਯੋਗ ਭਾਈਵਾਲਾਂ ਨੂੰ ਬ੍ਰਾਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ (ਬੀ.ਏ.ਪੀ.ਐਲ.) ਦੀਆਂ ਜ਼ਰੂਰਤਾਂ ਨਾਲ ਜੁੜੀਆਂ ਭੂਮਿਕਾਵਾਂ ਵਿਚ ਅਗਨੀਵੀਰਾਂ ਲਈ ਅਪਣੇ ਕਰਮਚਾਰੀਆਂ ਦਾ 15 ਫ਼ੀ ਸਦੀ ਰਾਖਵਾਂ ਰੱਖਣ ਲਈ ਉਤਸ਼ਾਹਤ ਕਰ ਰਿਹਾ ਹੈ।
ਬ੍ਰਾਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਉਤਪਾਦਨ ਕਰਦੀ ਹੈ ਜੋ ਪਣਡੁੱਬੀਆਂ, ਸਮੁੰਦਰੀ ਜਹਾਜ਼ਾਂ, ਜਹਾਜ਼ਾਂ ਜਾਂ ਜ਼ਮੀਨ ਅਧਾਰਤ ਪਲੇਟਫਾਰਮਾਂ ਤੋਂ ਦਾਗੀਆਂ ਜਾ ਸਕਦੀਆਂ ਹਨ। ਬ੍ਰਾਹਮੋਸ ਮਿਜ਼ਾਈਲ 2.8 ਮੈਕ ਦੀ ਰਫਤਾਰ ਨਾਲ ਉਡਾਣ ਭਰਦੀ ਹੈ ਯਾਨੀ ਆਵਾਜ਼ ਦੀ ਰਫਤਾਰ ਤੋਂ ਲਗਭਗ ਤਿੰਨ ਗੁਣਾ।
ਕੰਪਨੀ ਨੇ ‘ਐਕਸ’ ’ਤੇ ਕਿਹਾ, ‘‘ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਦੇ ਅਨੁਸਾਰ, ਬ੍ਰਹਮੋਸ ਏਅਰੋਸਪੇਸ ਨੇ ਅਗਨੀਵੀਰਾਂ ਨੂੰ ਰਾਖਵਾਂਕਰਨ ਪ੍ਰਦਾਨ ਕਰਨ ਲਈ ਅਪਣੀ ਨਵੀਂ ਨੀਤੀ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ ਜੋ ਭਾਰਤੀ ਹਥਿਆਰਬੰਦ ਬਲਾਂ ’ਚ ਚਾਰ ਸਾਲ ਸੇਵਾ ਨਿਭਾਉਣ ਤੋਂ ਬਾਅਦ ਰਾਸ਼ਟਰ ਨਿਰਮਾਣ ਦੀ ਦਿਸ਼ਾ ’ਚ ਕੰਮ ਕਰ ਰਹੇ ਸਾਡੇ ਅਤਿ ਆਧੁਨਿਕ ਰੱਖਿਆ ਸੰਗਠਨ ਲਈ ਇਕ ਕੀਮਤੀ ਸੰਪਤੀ ਬਣ ਸਕਦੇ ਹਨ।’’