ਕਸ਼ਮੀਰ 'ਚ 83ਵੇਂ ਦਿਨ ਵੀ ਲੀਹ 'ਤੇ ਨਹੀਂ ਆਇਆ ਆਮ ਜਨਜੀਵਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ 'ਚ ਜਨਜੀਵਨ ਸਨਿਚਰਵਾਰ ਨੂੰ ਲਗਾਤਾਰ 83ਵੇਂ ਦਿਨ ਵੀ ਪ੍ਰਭਾਵਤ ਰਿਹਾ ਜਿੱਥੇ ਮੁੱਖ ਬਾਜ਼ਾਰ ਬੰਦ ਰਹੇ ਅਤੇ ਜਨਤਕ ਆਵਾਜਾਈ ਸੜਕਾਂ 'ਤੇ ਨਾਂਹ ਦੇ ਬਰਾਬਰ ਰਹੀ।

Jammu and Kashmir

ਸ੍ਰੀਨਗਰ: ਕਸ਼ਮੀਰ 'ਚ ਜਨਜੀਵਨ ਸਨਿਚਰਵਾਰ ਨੂੰ ਲਗਾਤਾਰ 83ਵੇਂ ਦਿਨ ਵੀ ਪ੍ਰਭਾਵਤ ਰਿਹਾ ਜਿੱਥੇ ਮੁੱਖ ਬਾਜ਼ਾਰ ਬੰਦ ਰਹੇ ਅਤੇ ਜਨਤਕ ਆਵਾਜਾਈ ਸੜਕਾਂ 'ਤੇ ਨਾਂਹ ਦੇ ਬਰਾਬਰ ਰਹੀ। ਅਧਿਕਾਰੀਆਂ ਨੇ ਦਸਿਆ ਕਿ ਕੁਝ ਇਲਾਕਿਆਂ ਵਿਚ ਤੜਕੇ ਸਵੇਰੇ ਕੁੱਝ ਘੰਟਿਆਂ ਲਈ ਦੁਕਾਨਾਂ ਖੁਲ੍ਹੀਆਂ ਪਰ ਕਰੀਬ 1 ਵਜੇ ਤਕ ਇਨ੍ਹਾਂ ਦੇ ਸ਼ਟਰ ਵੀ ਬੰਦ ਹੋ ਗਏ। ਇਸ ਦੇ ਨਾਲ ਹੀ ਗਾਹਕਾਂ ਦੀ ਭੀੜ ਰਹੀ ਅਤੇ ਸ਼ਹਿਰ ਦੇ ਕੇਂਦਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਨਿਜੀ ਗੱਡੀਆਂ ਦੀ ਗਿਣਤੀ ਵਧਣ ਕਾਰਨ ਕਈ ਜਗ੍ਹਾ ਟ੍ਰੈਫ਼ਿਕ ਜਾਮ ਰਿਹਾ। ਜ਼ਿਕਰਯੋਗ ਹੈ ਕਿ ਘਾਟੀ ਵਿਚ ਅਜੇ ਵੀ ਇੰਟਰਨੈਟ ਸੇਵਾਵਾਂ 'ਤੇ ਰੋਕ ਲੱਗੀ ਹੋਈ ਹੈ।

ਜ਼ਿਆਦਾਤਰ ਮੁੱਖ ਵੱਖਵਾਦੀ ਨੇਤਾਵਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ ਜਦਕਿ ਦੋ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਣੇ ਮੁੱਖ ਧਾਰਾ ਦੇ ਨੇਤਾਵਾਂ ਨੂੰ ਜਾਂ ਤਾ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਜ਼ਰਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੋਰ ਸਾਬਕਾ ਮੁੱਖ ਮੰਤਰੀ ਅਤੇ ਸ੍ਰੀਨਗਰ ਤੋਂ ਲੋਕ ਸਭਾ ਦੇ ਮੌਜੂਦਾ ਸਾਂਸਦ ਫ਼ਾਰੂਕ ਅਬਦੁੱਲਾ ਨੂੰ ਵਿਵਾਦਤ ਲੋਕ ਸੁਰੱਖਿਆ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਨੂੰਨ ਫ਼ਾਰੂਕ ਦੇ ਪਿਤਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਬਾਨੀ ਸ਼ੇਖ਼ ਅਬਦੁੱਲਾ ਨੇ 1978 'ਚ ਲਾਗੂ ਕੀਤਾ ਸੀ ਜਦੋਂ ਉਹ ਮੁੱਖ ਮੰਤਰੀ ਸਨ।